ਲਖਨਊ: ਇਕ ਆਕਸੀਜਨ ਐਕਸਪ੍ਰੈੱਸ ਰੇਲ ਗੱਡੀ ਤਰਲ ਮੈਡੀਕਲ ਆਕਸੀਜਨ ਵਾਲੇ ਤਿੰਨ ਟੈਂਕਰ ਲੈ ਕੇ ਅੱਜ ਸਵੇਰੇ ਉੱਤਰ ਪ੍ਰਦੇਸ਼ ਪਹੁੰਚੀ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੇ ਕੇਸਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਸੂਬਾ ਮਹਾਮਾਰੀ ਨਾਲ ਜੰਗ ਲੜ ਰਿਹਾ ਹੈ। ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਕੁਮਾਰ ਅਵਸਥੀ ਨੇ ਪੀਟੀਆਈ ਨੂੰ ਦੱਸਿਆ, ‘‘ਮੈਡੀਕਲ ਆਕਸੀਜਨ ਦੇ ਤਿੰਨ ਟੈਂਕਰ ਅੱਜ ਸਵੇਰੇ 6.30 ਵਜੇ ਦੇ ਕਰੀਬ ਲਖਨਊ ਪਹੁੰਚੇ ਜਦੋਂਕਿ ਇਕ ਟੈਂਕਰ ਵਾਰਾਣਸੀ ਵਿਚ ਉਤਾਰਿਆ ਗਿਆ। ਹਰੇਕ ਟੈਂਕਰ ਦੀ ਸਮਰੱਥਾ 15,000 ਲਿਟਰ ਮੈਡੀਕਲ ਆਕਸੀਜਨ ਦੀ ਹੈ।’’ ਉਨ੍ਹਾਂ ਕਿਹਾ ਕਿ ਦੋਵੇਂ ਟੈਂਕਰ ਲਖਨਊ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ ਅਤੇ ਇਸ ਸਬੰਧੀ ਜਲਦੀ ਫ਼ੈਸਲਾ ਲਿਆ ਜਾਵੇਗਾ। ਇਹ ਰੇਲ ਝਾਰਖੰਡ ਵਿਚ ਪੈਂਦੇ ਬੋਕਾਰੋ ਤੋਂ ਆਈ ਹੈ। -ਪੀਟੀਆਈ