ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਪ੍ਰੋਵੀਡੈਂਟ ਫੰਡ ਖਾਤਿਆਂ ਵਿਚ 2.5 ਲੱਖ ਰੁਪਏ ਸਾਲਾਨਾ ਤੋਂ ਉੱਪਰ ਦੀ ਮੁਲਾਜ਼ਮਾਂ ਦੇ ਯੋਗਦਾਨ ਵਾਲੀ ਰਾਸ਼ੀ ’ਤੇ ਲੱਗਣ ਵਾਲੇ ਟੈਕਸਯੋਗ ਵਿਆਜ ਦੀ ਗਣਨਾ ਸਬੰਧੀ ਨੇਮ ਨੋਟੀਫਾਈ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ 2021-22 ਦੇ ਆਪਣੇ ਬਜਟ ਵਿਚ ਕਿਹਾ ਸੀ ਕਿ ਪ੍ਰਾਵੀਡੈਂਟ ਫੰਡ ’ਚ ਮੁਲਾਜ਼ਮਾਂ ਤੇ ਰੁਜ਼ਗਾਰਦਾਤਾਵਾਂ ਦੀ ਜ਼ਿਆਦਾ ਤੋਂ ਜ਼ਿਆਦਾ 2.5 ਲੱਖ ਰੁਪਏ ਸਾਲਾਨਾ ਤੱਕ ਦੀ ਯੋਗਦਾਨ ਰਾਸ਼ੀ ’ਤੇ ਮਿਲਣ ਵਾਲਾ ਵਿਆਜ ਹੀ ਟੈਕਸ ਮੁਕਤ ਹੋਵੇਗਾ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਬੁੱਧਵਾਰ ਨੂੰ ਨੇਮ ਨੋਟੀਫਾਈ ਕਰ ਦਿੱਤੇ ਹਨ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਨਵੇਂ ਪ੍ਰਬੰਧਾਂ ਤਹਿਤ ਟੈਕਸਯੋਗ ਵਿਆਜ ਦੀ ਗਣਨਾ ਲਈ ਪ੍ਰਾਵੀਡੈਂਟ ਫੰਡ ਦੇ ਅੰਦਰ ਹੀ ਇਕ ਵੱਖਰਾ ਖਾਤਾ ਖੁੱਲ੍ਹੇਗਾ। ਈਪੀਐੱਫ ਵਿਚ 31 ਮਾਰਚ, 2021 ਤੱਕ ਕਿਸੇ ਵੀ ਵਿਅਕਤੀ ਵੱਲੋਂ ਕੀਤਾ ਗਿਆ ਕੋਈ ਵੀ ਯੋਗਦਾਨ ਟੈਕਸ ਰਹਿਤ ਹੋਵੇਗਾ। ਵਿੱਤੀ ਵਰ੍ਹੇ 2021-22 ਦੀ ਸ਼ੁਰੂਆਤ ਤੋਂ ਇਨ੍ਹਾਂ ਦੋਹਾਂ ਈਪੀਐੱਫ ਖਾਤਿਆਂ ’ਤੇ ਵਿਆਜ ਦੀ ਗਣਨਾ ਵੱਖ-ਵੱਖ ਹੋਵੇਗੀ। -ਪੀਟੀਆਈ