ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਉਨ੍ਹਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪਰਿਵਾਰ ਨੂੰ ਦਿੱਤੀਆਂ ਧਮਕੀਆਂ ਦਾ ਮੀਡੀਆ ਰਿਪੋਰਟਾਂ ਤੋਂ ਨੋਟਿਸ ਲਿਆ ਹੈ ਤੇ ਇਸ ਬਾਰੇ ਰਿਪੋਰਟ ਦਿੱਤੀ ਜਾਵੇ। ਨੋਟਿਸ ਡੀਸੀਪੀ (ਸਾਈਬਰ) ਨੂੰ ਭੇਜਿਆ ਗਿਆ ਹੈ। ਨੋਟਿਸ ਵਿਚ ਦਰਜ ਹੈ ਕਿ ਰਿਪੋਰਟਾਂ ਛਪੀਆਂ ਹਨ ਕਿ ਵਿਰਾਟ ਦੀ ਨੌਂ ਮਹੀਨਿਆਂ ਦੀ ਬੱਚੀ ਨੂੰ ਆਨਲਾਈਨ ਜਬਰ-ਜਨਾਹ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਅਜਿਹਾ ਭਾਰਤ-ਪਾਕਿਸਤਾਨ ਮੈਚ ਵਿਚ ਭਾਰਤ ਨੂੰ ਮਿਲੀ ਹਾਰ ਤੋਂ ਬਾਅਦ ਹੋਇਆ ਹੈ। ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਜਦ ਤੋਂ ਵਿਰਾਟ ਨੇ ਟੀਮ ਵਿਚ ਆਪਣੇ ਸਾਥੀ ਮੁਹੰਮਦ ਸ਼ਮੀ ਦਾ ਧਰਮ ਦੇ ਮਾਮਲੇ ਵਿਚ ਪੱਖ ਪੂਰਿਆ ਹੈ, ਉਦੋਂ ਤੋਂ ਹੀ ਕਪਤਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕੋਹਲੀ ਦੇ ਪੱਖ ’ਚ ਨਿੱਤਰੇ ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਕਪਤਾਨ ਵਿਰਾਟ ਕੋਹਲੀ ਦੇ ਹੱਕ ਵਿਚ ਨਿੱਤਰੇ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ (ਵਿਰਾਟ) ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਮੁਆਫ਼ ਕਰ ਦੇਣ ਕਿਉਂਕਿ ‘ਉਹ ਨਫ਼ਰਤ ਨਾਲ ਭਰੇ ਪਏ ਹਨ ਤੇ ਕੋਈ ਉਨ੍ਹਾਂ ਨੂੰ ਪਿਆਰ ਨਹੀਂ ਦਿੰਦਾ।’ ਜ਼ਿਕਰਯੋਗ ਹੈ ਕਿ ਟੀ20 ਵਿਸ਼ਵ ਕੱਪ ਵਿਚ ਭਾਰਤ ਦੀਆਂ ਲਗਾਤਾਰ ਦੋ ਹਾਰਾਂ ਤੋਂ ਬਾਅਦ ਕੋਹਲੀ ਨੂੰ ਆਨਲਾਈਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਹੁਲ ਨੇ ਕੋਹਲੀ ਨੂੰ ਕਿਹਾ ਕਿ ‘ਉਹ ਟੀਮ ਨੂੰ ਸੰਭਾਲਣ ਤੇ ਅਜਿਹੇ ਲੋਕਾਂ ਨੂੰ ਮੁਆਫ਼ ਕਰ ਦੇਣ।’ -ਪੀਟੀਆਈ