ਨਵੀਂ ਦਿੱਲੀ, 9 ਜੁਲਾਈ
ਭਾਰਤ ’ਚ ਅੱਜ ਇੱਕੋ ਦਿਨ ਕੋਵਿਡ-19 ਦੇ ਰਿਕਾਰਡ 24,879 ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ 7,67,296 ਹੋ ਗਈ। ਜਦਕਿ 479 ਸੱਜਰੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 21,129 ਹੋ ਗਿਆ ਹੈ। ਇਸੇ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਅਜੇ ਕਰੋਨਾ ਲਾਗ ਦੇ ਸਮੂਹਿਕ ਸੰਚਾਰ ਵਾਲੇ ਪੜਾਅ ’ਤੇ ਨਹੀਂ ਪਹੁੰਚਿਆ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਕੁਝ ਭੂਗੋਲਿਕ ਖੇਤਰਾਂ ਵਿੱਚ ਸਥਾਨਕ ਪੱਧਰ ’ਤੇ ਵਧ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਨਵੇਂ ਕੇਸਾਂ ਵਿੱਚੋਂ 75 ਫ਼ੀਸਦੀ ਕੇਸ ਮਹਾਰਾਸ਼ਟਰ, ਤਾਮਿਲ ਨਾਡੂ, ਕਰਨਾਟਕ, ਦਿੱਲੀ, ਤਿੰਲਗਾਨਾ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ’ਚ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 4,76,377 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ ਅਤੇ ਦੇਸ਼ ਵਿੱਚ 2,69,789 ਸਰਗਰਮ ਕੇਸ ਹਨ। ਅਧਿਕਾਰੀਆਂ ਮੁਤਾਬਕ ਹੁਣ ਤੱਕ 62.08 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਕੁੱਲ ਕੇਸਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਮਿਜ਼ੋਰਮ ਦੇ ਜ਼ਿਲ੍ਹਾ ਸੇਰਛਿਪ ਵਿੱਚ ਬੀ.ਐੱਸ.ਐੱਫ. ਦੇ ਦੋ ਜਵਾਨ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਸੂਬੇ ’ਚ ਸੁਰੱਖਿਆ ਬਲ ਦੇ ਪੀੜਤ ਜਵਾਨਾਂ ਗਿਣਤੀ 12 ਹੋ ਗਈ। ਇੱਕ ਅਧਿਕਾਰੀ ਮੁਤਾਬਕ ਇਹ ਦੋਵੇਂ ਜਵਾਨ ਗੁਆਂਢੀ ਸੂਬੇ ਅਸਾਮ ਦੇ ਧੋਲਚੇਰਾ ਤੋਂ ਵਾਪਸ ਆਏ ਸਨ। -ਪੀਟੀਆਈ
ਅੱਠ ਰਾਜਾਂ ’ਚ ਕਰੋਨਾ ਦੇ 90 ਫ਼ੀਸਦੀ ਕੇਸ
ਨਵੀਂ ਦਿੱਲੀ: ਮੁਲਕ ’ਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਕਰਨਾਟਕ ਅਤੇ ਤਿਲੰਗਾਨਾ ਸਮੇਤ ਅੱਠ ਸੂਬਿਆਂ ’ਚ ਕਰੋਨਾਵਾਇਰਸ ਦੇ ਕਰੀਬ 90 ਫ਼ੀਸਦੀ ਸਰਗਰਮ ਕੇਸ ਹਨ। ਕਰੋਨਾਵਾਇਰਸ ਬਾਰੇ ਮੰਤਰੀਆਂ ਦੇ ਸਮੂਹ ਨੂੰ ਅੱਜ ਇਹ ਜਾਣਕਾਰੀ ਦਿੱਤੀ ਗਈ। ਦੇਸ਼ ਦੇ 49 ਜ਼ਿਲ੍ਹਿਆਂ ’ਚ ਕਰੋਨਾ ਦੇ 80 ਫ਼ੀਸਦੀ ਸਰਗਰਮ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ 86 ਫ਼ੀਸਦੀ ਮੌਤਾਂ ਹੋਈਆਂ ਹਨ ਜਦਕਿ 32 ਜ਼ਿਲ੍ਹਿਆਂ ’ਚ ਕਰੋਨਾ ਨਾਲ 80 ਫ਼ੀਸਦੀ ਮੌਤਾਂ ਦਾ ਅੰਕੜਾ ਦਰਜ ਹੋਇਆ ਹੈ। ਮੰਤਰੀ ਸਮੂਹ ਦੀ ਅੱਜ 18ਵੀਂ ਬੈਠਕ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੀ ਅਗਵਾਈ ਹੇਠ ਹੋਈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਜਿਨ੍ਹਾਂ ਖ਼ਿੱਤਿਆਂ ’ਚ ਮੌਤ ਦੀ ਦਰ ਵਧੇਰੇ ਹੈ, ਉਥੇ ਉਚੇਚੇ ਤੌਰ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਪੰਜ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿਚਕਾਰ ਤੁਲਨਾ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਭਾਰਤ ’ਚ 10 ਲੱਖ ਪਿੱਛੇ ਕਰੋਨਾ ਦੇ 538 ਕੇਸ ਹਨ ਜਦਕਿ ਮੌਤਾਂ ਦੀ ਦਰ 15 ਹੈ। ਇਸ ਦੇ ਮੁਕਾਬਲੇ ਆਲਮੀ ਔਸਤ ਕ੍ਰਮਵਾਰ 1453 ਅਤੇ 68.7 ਹੈ। -ਪੀਟੀਆਈ
ਸੀਬੀਆਈ ਕਲੋਨੀ ਦਾ ਇੱਕ ਟਾਵਰ ਕੰਟੇਨਮੈਂਟ ਜ਼ੋਨ ਐਲਾਨਿਆ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦਾ ਅਧਿਕਾਰੀ ਅਤੇ ਉਸਦੇ ਪਰਿਵਾਰਕ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਮਗਰੋਂ ਅੱਜ ਇੱਥੇ ਵਸੰਤ ਵਿਹਾਰ ’ਚ ਸੀ.ਬੀ.ਆਈ. ਕਾਲੋਨੀ ਦਾ ਇੱਕ ਟਾਵਰ (ਰਿਹਾਇਸ਼ੀ ਇਲਾਕਾ) ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ। ਸੀ.ਬੀ.ਆਈ. ਨੇ ਇਸ ਰਿਹਾਇਸ਼ੀ ਖੇਤਰ ’ਚ ਰਹਿੰਦੇ ਆਪਣੇ 12 ਅਧਿਕਾਰੀਆਂ ਨੂੰ ਸਵੈ-ਇਕਾਂਤਵਾਸ ਦੌਰਾਨ ਇਹਤਿਆਤ ਵਜੋਂ ਦਫ਼ਤਰ ਨਾ ਆਉਣ ਲਈ ਆਖਿਆ ਹੈ। -ਪੀਟੀਆਈ
ਕਰੋਨਾ ਦੇ ਇਲਾਜ ਦਾ ਦਾਅਵਾ ਕਰਦੀ ਪਟੀਸ਼ਨ ਖਾਰਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਇੱਕ ਪਟੀਸ਼ਨ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ‘ਸੋਪ ਅਰੋਮਾ ਏਅਰੋਸੋਲ ਐਕਸ਼ਲ ਪ੍ਰੀਵੈਂਟਿਵ ਥੈਰੇਪੀ’ (ਐੱਸ.ਏ.ਏ.ਪੀ.ਟੀ.) ਮਾਸਕ ਲਾਭਦਾਇਕ ਹੈ ਅਤੇ ਦੁਨੀਆਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ’ਚ ਮਦਦ ਕਰ ਸਕਦੀ ਹੈ, ’ਤੇ ਸੁਣਵਾਈ ਤੋਂ ਇਨਕਾਰ ਕਰਦਿਆਂ ਖਾਰਜ ਕਰ ਦਿੱਤੀ। ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦੌਰਾਨ ਜਸਟਿਸ ਅਸ਼ੋਕ ਭੂੁਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਰਵਉੱਚ ਅਦਾਲਤ ਅਜਿਹੇ ਦਾਅਵਿਆਂ ਦੀ ਜਾਇਜ਼ਤਾ ਬਾਰੇ ਜਾਂਚ ਨਹੀਂ ਕਰ ਸਕਦੀ ਅਤੇ ਅਜਿਹੇ ਪ੍ਰਸਤਾਵਾਂ ਦੇ ਜਾਂਚ ਲਈ ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈ.ਸੀ.ਐੱਮ.ਆਰ.) ਆਦਿ ਅਥਾਰਟੀਆਂ ਹਨ। -ਪੀਟੀਆਈ