ਨਵੀਂ ਦਿੱਲੀ, 21 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ’ਚ ਯੋਗ ਹੀ ਆਸ ਦੀ ਇਕ ਕਿਰਨ ਹੈ ਅਤੇ ਤਾਕਤ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅੱਜ ਕੌਮਾਂਤਰੀ ਯੋਗ ਦਿਵਸ ਮੌਕੇ ਦੁਨੀਆ ਭਰ ’ਚ ਵੱਡੀ ਗਿਣਤੀ ਲੋਕਾਂ ਨੇ ਯੋਗ ਅਭਿਆਸ ਕੀਤਾ। ਦੇਸ਼-ਵਿਦੇਸ਼ਾਂ ਦੇ ਹਰੇਕ ਕੋਨੇ ਵਿਚ ਪਹਾੜਾਂ ਤੋਂ ਲੈ ਕੇ ਸਮੁੰਦਰ ਤੱਟ ਤੱਕ ਅਤੇ ਕਸਬਿਆਂ ਤੋਂ ਲੈ ਕੇ ਸ਼ਹਿਰ ਦੇ ਪਾਰਕਾਂ ਤੱਕ ਅਤੇ ਘਰਾਂ ਵਿਚ ਚਟਾਈਆਂ ਵਿਛਾ ਕੇ ਲੋਕਾਂ ਨੇ ਯੋਗ ਦੇ ਆਸਨ ਕੀਤੇ ਅਤੇ ਸਾਹ ਲਈ ‘ਪ੍ਰਾਣਾਯਾਮ’ ਕੀਤਾ। ਕੁਝ ਨੇ ਆਪਣੇ-ਆਪ ਨੂੰ ਤੰਦਰੁਸਤ ਰੱਖਣ ਵਾਸਤੇ ਰੋਜ਼ਾਨਾ ਦੇ ਰੂਟੀਨ ਵਜੋਂ ਅਤੇ ਬਾਕੀਆਂ ਨੇ ਕੌਮਾਂਤਰੀ ਯੋਗ ਦਿਵਸ ਵਿਚ ਸ਼ਾਮਲ ਹੋਣ ਲਈ ਯੋਗ ਕੀਤਾ।
ਯੋਗ ਅਭਿਆਸ ਨੂੰ ਮਹਾਮਾਰੀ ਖ਼ਿਲਾਫ਼ ਲੜਾਈ ਨਾਲ ਜੋੜਦਿਆਂ ਸ੍ਰੀ ਮੋਦੀ ਨੇ ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ‘ਐੱਮ-ਯੋਗਾ’ ਐਪ ਦਾ ਐਲਾਨ ਕੀਤਾ। ਇਸ ਐਪਲੀਕੇਸ਼ਨ ਵਿਚ ‘ਆਮ ਯੋਗ ਦੇ ਨੇਮਾਂ’ ਉੱਤੇ ਆਧਾਰਤ ਯੋਗ ਦੀ ਸਿਖਲਾਈ ਸਬੰਧੀ ਕਈ ਵੀਡੀਓਜ਼ ਵੱਖ-ਵੱਖ ਭਾਸ਼ਾਵਾਂ ਵਿਚ ਉਪਲੱਬਧ ਹਨ। ਯੋਗ ਨੂੰ ਆਧੁਨਿਕ ਤਕਨਾਲੋਜੀ ਤੇ ਪੁਰਾਤਨ ਵਿਗਿਆਨ ਦੇ ਸੁਮੇਲ ਦੀ ਬਿਹਤਰੀਨ ਉਦਾਹਰਨ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਐਮ-ਯੋਗਾ ਐਪ ਯੋਗ ਨੂੰ ਦੁਨੀਆ ਭਰ ਵਿਚ ਫੈਲਾਉਣ ’ਚ ਮਦਦ ਕਰੇਗਾ ਅਤੇ ‘ਇਕ ਵਿਸ਼ਵ, ਇਕ ਸਿਹਤ’ ਦੇ ਉਪਰਾਲਿਆਂ ’ਚ ਯੋਗਦਾਨ ਪਾਵੇਗਾ।
ਯੋਗ ਦਿਵਸ ਸਬੰਧੀ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਕਈ ਉਦਾਹਰਨ ਹਨ ਜਦੋਂ ਹਸਪਤਾਲਾਂ ਵਿਚ ਡਾਕਟਰਾਂ ਤੇ ਨਰਸਾਂ ਨੇ ਯੋਗ ਦੇ ਸੈਸ਼ਨ ਕੀਤੇ ਅਤੇ ਮਾਹਿਰ ਵੀ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਹ ਸਬੰਧੀ ਯੋਗ ਦੇ ਅਭਿਆਸਾਂ ਦੀ ਅਹਿਮੀਅਤ ’ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਇਸ ਵੇਲੇ ਜਦੋਂ ਸਾਰਾ ਵਿਸ਼ਵ ਕਰੋਨਾਵਾਇਰਸ ਮਹਾਮਾਰੀ ਨਾਲ ਲੜ ਰਿਹਾ ਹੈ ਤਾਂ ਅਜਿਹੇ ਵਿਚ ਯੋਗ ਹੀ ਆਸ ਦੀ ਇਕ ਕਿਰਨ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਵਿਚ ਦੁਨੀਆ ਦੇ ਹਰੇਕ ਕੋਨੇ ’ਚ ਲੱਖਾਂ ਯੋਗ ਅਭਿਆਸੀ ਜੁੜੇ ਹਨ।
ਸ੍ਰੀ ਮੋਦੀ ਨੇ ਕਿਹਾ, ‘‘ਜਦੋਂ ਅਣਦੇਖੇ ਕਰੋਨਾਵਾਇਰਸ ਨੇ ਵਿਸ਼ਵ ਦਾ ਦਰਵਾਜ਼ਾ ਖੜਕਾਇਆ ਤਾਂ ਕੋਈ ਵੀ ਦੇਸ਼ ਸਰੋਤਾਂ, ਸਮਰੱਥਾ ਤੇ ਮਾਨਸਿਕ ਤੌਰ ’ਤੇ ਇਸ ਲਈ ਤਿਆਰ ਨਹੀਂ ਸੀ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਜਿਹੇ ਮੁਸ਼ਕਿਲ ਸਮਿਆਂ ਵਿਚ ਯੋਗ ਹੀ ਮਨੋਬਲ ਦਾ ਬਿਹਤਰੀਨ ਸਰੋਤ ਬਣਿਆ ਹੈ।’’ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਉਨ੍ਹਾਂ ਦਾ ਅਨੰਤ ਹੱਲ ਸਾਡੇ ਆਪਣੇ ਅੰਦਰ ਹੀ ਹੈ।
ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਬਾਵਜੂਦ, ਕੌਮਾਂਤਰੀ ਦਿਵਸ ਦੇ ਇਸ ਸਾਲ ਦੇ ਥੀਮ ‘ਤੰਦਰੁਸਤੀ ਲਈ ਯੋਗ’ ਨੇ ਲੋਕਾਂ ਦਾ ਮਨੋਬਲ ਵਧਾਇਆ ਹੈ। ਉਨ੍ਹਾਂ ਹਰੇਕ ਮੁਲਕ, ਸਮਾਜ ਤੇ ਹਰੇਕ ਵਿਅਕਤੀ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਅਤੇ ਆਸ ਪ੍ਰਗਟਾਈ, ‘‘ਅਸੀਂ ਸਾਰੇ ਇਕੱਠੇ ਰਹਾਂਗੇ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਾਂਗੇ।’’ ਉਨ੍ਹਾਂ ਕਿਹਾ, ‘‘ਯੋਗ ਨੇ ਸਾਨੂੰ ਤਣਾਅ ਤੋਂ ਮਜ਼ਬੂਤੀ ਅਤੇ ਨਕਾਰਾਤਮਕਤਾ ਤੋਂ ਰਚਨਾਤਮਕਤਾ ਦਾ ਰਸਤਾ ਦਿਖਾਇਆ ਹੈ।’’ -ਪੀਟੀਆਈ
ਟੀਕਾ ਲਗਵਾ ਕੇ ਕਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰੋ: ਮੋਦੀ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਅੱਜ ਤੋਂ ਸਾਰਿਆਂ ਲਈ ਕਰੋਨਾਵਾਇਰਸ ਵਿਰੋਧੀ ਵੈਕਸੀਨ ਮੁਫ਼ਤ ਮੁਹੱਈਆ ਕੀਤੇ ਜਾਣ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਟੀਕਾ ਲਗਵਾ ਕੇ ਮਹਾਮਾਰੀ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵਿੱਟਰ ’ਤੇ ਪਾਏ ਇਕ ਸੁਨੇਹੇ ਵਿਚ ਕਿਹਾ ਕਿ ਭਾਰਤੀ ਟੀਕਾਕਰਨ ਮੁਹਿੰਮ ਦੇ ਇਸ ਪੜਾਅ ਦੇ ਸਭ ਤੋਂ ਵੱਡੇ ਲਾਭਪਾਤਰੀ ਦੇਸ਼ ਦੇ ਗ਼ਰੀਬ, ਮੱਧਮ ਵਰਗ ਤੇ ਨੌਜਵਾਨ ਲੋਕ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਕਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਜਾਣਕਾਰੀ ਭਰਪੂਰ ਸਮੱਗਰੀ ਵੀ ਸਾਂਝੀ ਕੀਤੀ ਜੋ ਕਿ ਇਹ ਦਰਸਾਉਂਦੀ ਹੈ ਕਿ ਵੈਕਸੀਨ ਸੁਰੱਖਿਅਤ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਨੂੰ ਅਣਗੌਲਿਆਂ ਕਰਨ ਦੀ ਅਪੀਲ ਵੀ ਕੀਤੀ। -ਪੀਟੀਆਈ
ਵਿਸ਼ਵ ਲਈ ਭਾਰਤ ਦਾ ਸਭ ਤੋਂ ਬਿਹਤਰੀਨ ਤੋਹਫ਼ਾ ਹੈ ਯੋਗ: ਕੋਵਿੰਦ
ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਯੋਗ ਨੂੰ ਵਿਸ਼ਵ ਲਈ ਭਾਰਤ ਦਾ ਸਭ ਤੋਂ ਬਿਹਤਰੀਨ ਤੋਹਫਾ ਕਰਾਰ ਦਿੱਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਯੋਗ ਕਰਦੇ ਹੋਏ ਦੀ ਤਸਵੀਰ ਸਾਂਝੀ ਕਰਦਿਆਂ ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ‘‘ਕੌਮਾਂਤਰੀ ਯੋਗ ਦਿਵਸ ਦੀ ਸਾਰਿਆਂ ਨੂੰ ਵਧਾਈ। ਹਜ਼ਾਰਾਂ ਸਾਲਾਂ ਤੋਂ ਲੱਖਾਂ-ਕਰੋੜਾਂ ਲੋਕਾਂ ਨੂੰ ਸਿਹਤ ਤੇ ਖੁਸ਼ਹਾਲ ਜ਼ਿੰਦਗੀ ਦਾ ਵਰਦਾਨ ਅਤੇ ਸ਼ਰੀਰ ਤੇ ਮਨ ਦੇ ਸੁਮੇਲ ਦਾ ਸਰੋਤ, ਯੋਗ ਦੇ ਰੂਪ ਵਿਚ ਸਾਡੇ ਰਿਸ਼ੀਆਂ ਨੇ ਵਿਸ਼ਵ ਨੂੰ ਦਿੱਤਾ ਹੈ। ਮਨੁੱਖਤਾ ਨੂੰ ਇਹ ਭਾਰਤ ਦੀ ਮਹਾਨ ਦੇਣ ਹੈ। ਯੋਗ ਕੋਵਿਡ-19 ਦੌਰਾਨ ਵੀ ਸਹਾਈ ਹੋ ਸਕਦਾ ਹੈ।’’ -ਪੀਟੀਆਈ
ਦੇਸ਼-ਵਿਦੇਸ਼ਾਂ ਵਿਚ ਹੋਏ ਯੋਗ ਦਿਵਸ ਸਬੰਧੀ ਪ੍ਰੋਗਰਾਮ
ਨਵੀਂ ਦਿੱਲੀ: ਵਿਸ਼ਵ ਭਰ ਵਿਚ ਭਾਰਤੀ ਮਿਸ਼ਨਾਂ ਨੇ ਕੌਮਾਂਤਰੀ ਯੋਗ ਦਿਵਸ ਸਬੰਧੀ ਸਮਾਰੋਹ ਕੀਤੇ। ਨਿਊਯਾਰਕ ਵਿਚ ਟਾਈਮਜ਼ ਸਕੁਏਅਰ ਵਿਚ ਸਮਾਜਿਕ ਦੂਰੀ ਦਾ ਖ਼ਿਆਲ ਰੱਖਦੇ ਹੋਏ 3000 ਵਿਅਕਤੀ ਯੋਗ ਕਰਨ ਲਈ ਇਕੱਤਰ ਹੋਏ। ਇਹ ਜਾਣਕਾਰੀ ਭਾਰਤ ਦੇ ਕੌਂਸਲ ਜਨਰਲ ਰਣਧੀਰ ਸਿੰਘ ਜੈਸਵਾਲ ਨੇ ਆਪਣੇ ਸੰਬੋਧਨ ਦੌਰਾਨ ਦਿੱਤੀ। ਕਾਠਮੰਡੂ ਵਿਚ ਵੀ ਭਾਰਤੀ ਸਫ਼ਾਰਤਖਾਨੇ ਵੱਲੋਂ ਭਾਰਤ ਦੀ ਆਜ਼ਾਦੀ ਦੇ ਚੱਲ ਰਹੇ 75ਵੇਂ ਵਰ੍ਹੇ ਨੂੰ ਮਨਾਉਣ ਲਈ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਕੀਤੇ ਜਾ ਰਹੇ ਸਮਾਰੋਹਾਂ ਦੇ ਹਿੱਸੇ ਵਜੋਂ ਇਕ ਵਿਸ਼ੇਸ਼ ਆਨਲਾਈਨ ਪ੍ਰੋਗਰਾਮ ਕਰਵਾਇਆ। ਇਸ ਸਮਾਰੋਹ ਦਾ ਥੀਮ ‘ਘਰ-ਘਰ ਵਿਚ ਯੋਗ’ ਸੀ। ਸਵਾਮੀ ਵਿਵੇਕਾਨੰਦ ਸਭਿਆਚਾਰਕ ਕੇਂਦਰ ਵਿੱਚ ਆਮ ਯੋਗ ਸਬੰਧੀ ਨੇਮਾਂ ਬਾਰੇ ਇਕ ਲੈਕਚਰ ਕਰਵਾਇਆ ਗਿਆ ਜੋ ਕਿ ਇਸ ਦੇ ਫੇਸਬੁੱਕ ਪੇਜ ’ਤੇ ਲਾਈਵ ਪ੍ਰਸਾਰਿਤ ਕੀਤਾ ਗਿਆ। ਟੀਵੀ ਚੈਨਲਾਂ ’ਤੇ ਵੀ ਪ੍ਰੋਗਰਾਮ ਦਾ ਪ੍ਰਸਾਰਣ ਨੇਪਾਲੀ ਭਾਸ਼ਾ ਵਿਚ ਹੋਇਆ। ਇਸੇ ਤਰ੍ਹਾਂ ਭਾਰਤ ਵਿਚ ਵੀ ਯੋਗ ਦਿਵਸ ਸਬੰਧੀ ਸਮਾਰੋਹ ਹੋਏ। ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਵਿਚ ਪੀਪੀਈ ਕਿੱਟਾਂ ਪਾ ਕੇ ਮਰੀਜ਼ਾਂ ਦੇ ਇਕ ਸਮੂਹ ਨੇ ਯੋਗ ਕੀਤਾ। ਲੱਦਾਖ ਵਿਚ ਆਈਟੀਬੀਪੀ ਦੇ ਜਵਾਨਾਂ ਨੇ ਬਰਫ਼ ਵਿਚ ਚਟਾਈਆਂ ਵਿਛਾ ਕੇ ਸੂਰਿਆ ਨਮਸਕਾਰ ਕੀਤਾ। ਗੋਆ ਵਿਚ ਅਗੌੜਾ ਕਿਲ੍ਹੇ ਵਿਚ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਯੋਗ ਅਭਿਆਸ ਕੀਤਾ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗ ਆਦਿੱਤਿਆਨਾਥ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਕਰੋਨਾ ਖ਼ਿਲਾਫ਼ ਲੜਾਈ ’ਚ ਯੋਗ ਨੂੰ ਮਦਦਗਾਰ ਦੱਸਿਆ। ਇਸੇ ਤਰ੍ਹਾਂ ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। -ਪੀਟੀਆਈ