ਜੰਮੂ, 16 ਜੁਲਾਈ
ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ 5,800 ਤੋਂ ਵੱਧ ਸ਼ਰਧਾਲੂਆਂ ਦਾ 17ਵਾਂ ਜਥਾ ਇੱਥੋਂ ਪਹਿਲਗਾਮ ਤੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਇਆ। ਇਹ ਸਾਲਾਨਾ ਯਾਤਰਾ ਜੰਮੂ ’ਚ ਪਿਛਲੇ ਐਤਵਾਰ ਨੂੰ ਖਰਾਬ ਮੌਸਮ ਕਾਰਨ ਰੋਕ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਮੁੜ ਸ਼ੁਰੂ ਹੋਈ ਸੀ। ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ-ਘੱਟ 15 ਜਣਿਆਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐੱਫ ਦੀ ਭਾਰੀ ਸੁਰੱਖਿਆ ਦਰਮਿਆਨ 223 ਵਾਹਨਾਂ ਦੇ ਕਾਫ਼ਲੇ ’ਚ ਕੁੱਲ 5,838 ਸ਼ਰਧਾਲੂਆਂ ਦਾ ਜਥਾ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਬਾਲਟਾਲ ਕੈਂਪ ਲਈ 2,547 ਸ਼ਰਧਾਲੂ 97 ਵਾਹਨਾਂ ’ਚ ਭਗਵਤੀ ਨਗਰ ਕੈਂਪ ਤੋਂ ਸਵੇਰੇ 3.20 ਵਜੇ ਰਵਾਨਾ ਹੋਣਗੇ ਜਦਕਿ ਪਹਿਲਗਾਮ ਲਈ ਸਵੇਰੇ 4.20 ਮਿੰਟ ’ਤੇ 126 ਵਾਹਨਾਂ ’ਚ 3,291 ਸ਼ਰਧਾਲੂ ਰਵਾਨਾ ਹੋਣਗੇ। -ਪੀਟੀਆਈ