ਨਾਗਪੁਰ, 5 ਅਕਤੂਬਰ
ਰਾਸ਼ਟਰੀ ਸੋਇਮਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਭਾਰਤ ‘ਚ ਆਬਾਦੀ ‘ਤੇ ਵਿਆਪਕ ਨੀਤੀ ਹੋਣੀ ਚਾਹੀਦੀ ਹੈ, ਜੋ ਸਾਰਿਆਂ ‘ਤੇ ਬਰਾਬਰ ਲਾਗੂ ਹੋਵੇ ਅਤੇ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਦਸਹਿਰੇ ‘ਤੇ ਸੰਘ ਦੇ ਨਾਗਪੁਰ ਹੈੱਡਕੁਆਰਟਰ ‘ਚ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਭਾਗਵਤ ਨੇ ਕਿਹਾ,‘ਜਨਸੰਖਿਆ ਕੰਟਰੋਲ ਦੇ ਨਾਲ-ਨਾਲ ਧਾਰਮਿਕ ਆਧਾਰ ‘ਤੇ ਆਬਾਦੀ ਦਾ ਸੰਤੁਲਨ ਵੀ ਮਹੱਤਵਪੂਰਨ ਮਾਮਲਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।’ ਉਨ੍ਹਾਂ ਕਿਹਾ ਕਿ ਆਬਾਦੀ ਦਾ ਅਸੰਤੁਲਨ ਭੂਗੋਲਿਕ ਹੱਦਾਂ ਵਿੱਚ ਬਦਲਾਅ ਦਾ ਕਾਰਨ ਬਣਦਾ ਹੈ, ਇਸ ਲਈ ਨਵੀਂ ਆਬਾਦੀ ਨੀਤੀ ਨੂੰ ਸਾਰਿਆਂ ‘ਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਚੀਨ ਦੀ ਇਕ ਪਰਿਵਾਰ ਇਕ ਬੱਚਾ ਨੀਤੀ ਦਾ ਜ਼ਿਕਰ ਕਰਦੇ ਹੋਏ ਭਾਗਵਤ ਨੇ ਕਿਹਾ, ‘ਜਦੋਂ ਅਸੀਂ ਆਬਾਦੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਚੀਨ ਵਿਚ ਕੀ ਹੋ ਰਿਹਾ ਹੈ। ਉਸ ਦੇਸ਼ ਨੇ ਇਕ ਪਰਿਵਾਰ, ਇਕ ਬੱਚਾ ਦੀ ਨੀਤੀ ਅਪਣਾਈ ਅਤੇ ਹੁਣ ਇਹ ਬੁੱਢਾ ਹੋ ਰਿਹਾ ਹੈ।’