ਕੋਲਕਾਤਾ: ਪੱਛਮੀ ਬੰਗਾਲ ਸਰਕਾਰ ਨੇ ਅੱਜ ਕਿਹਾ ਕਿ ਇੱਕ ਸਿਆਸੀ ਪਾਰਟੀ ਵਲੋਂ ਆਪਣੇ ‘ਸੌੜੇ ਪੱਖਪਾਤੀ ਹਿੱਤਾਂ’ ਦੀ ਪੂੁਰਤੀ ਲਈ ਪਿਛਲੇ ਹਫ਼ਤੇ ਸਿੱਖ ਵਿਅਕਤੀ ਦੀ ਪੁਲੀਸ ਨਾਲ ਝੜਪ ਦੌਰਾਨ ਪੱਗ ਊੱਤਰ ਜਾਣ ਦੀ ਵਾਪਰੀ ਘਟਨਾ ਨੂੰ ਜਾਣਬੁੱਝ ਕੇ ‘ਫ਼ਿਰਕੂ ਰੰਗਤ’ ਦਿੱਤੀ ਜਾ ਰਹੀ ਹੈ। ਸੂਬੇ ਦੇ ਗ੍ਰਹਿ ਵਿਭਾਗ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਵਲੋਂ ਸਕੱਤਰੇਤ ਵੱਲ ਕੀਤੇ ਮਾਰਚ ਦੌਰਾਨ ਇੱਕ ਵਿਅਕਤੀ ਨੂੰ ਕਾਨੂੰਨ ਅਨੁਸਾਰ ਗੈਰਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਭਾਗ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ‘‘ਪੱਛਮੀ ਬੰਗਾਲ ਵਿੱਚ ਸਾਡੇ ਸਿੱਖ ਭੈਣ-ਭਰਾ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਹਨ, ਅਤੇ ਸਾਡੇ ਵਲੋਂ ਊਨ੍ਹਾਂ ਦੇ ਧਰਮ ਅਤੇ ਰਵਾਇਤਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਤਾਜ਼ਾ ਘਟਨਾ, ਜਿਸ ਵਿੱਚ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ’ਚੋਂ ਇੱਕ ਵਿਅਕਤੀ ਗੈਰਕਾਨੂੰਨੀ ਹਥਿਆਰ ਸਮੇਤ ਫੜਿਆ ਗਿਆ, ਨੂੰ ਹੁਣ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਵੰਡਪਾਊ ਹਿੱਤਾਂ ਲਈ ਫ਼ਿਰਕੂ ਰੰਗਤ ਦਿੱਤੀ ਜਾ ਰਹੀ ਹੈ।’’ ਇਸ ਵਿੱਚ ਅੱਗੇ ਕਿਹਾ ਗਿਆ, ‘‘ਇੱਕ ਸਿਆਸੀ ਪਾਰਟੀ ਵਲੋਂ ਇਸ ਮੁੱਦੇ ਨੂੰ ਸੌੜੇ ਪੱਖਪਾਤੀ ਹਿੱਤ ਲਈ ਫ਼ਿਰਕੂ ਰੰਗਤ ਦਿੱਤੀ ਜਾ ਰਹੀ ਹੈ। ਪੁਲੀਸ ਵਲੋਂ ਕਾਨੂੰਨ ਅਨੁਸਾਰ ਆਪਣਾ ਕੰਮ ਕੀਤਾ ਗਿਆ, ਪ੍ਰੰਤੂ ਸਿੱਖ ਪੰਥ ਅਤੇ ਊਨ੍ਹਾਂ ਦੇ ਤੌਰ-ਤਰੀਕਿਆਂ ਦਾ ਅਸੀਂ ਪੂਰਨ ਸਤਿਕਾਰ ਕਰਦੇ ਹਾਂ।’’ -ਪੀਟੀਆਈ