ਨਵੀਂ ਦਿੱਲੀ, 16 ਸਤੰਬਰ
ਦਿੱਲੀ ਵਿੱਚ ਨਾਇਜੀਰੀਆ ਦੀ 30 ਸਾਲਾ ਔਰਤ ਦੇ ਮੰਕੀਪੌਕਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਕੌਮੀ ਰਾਜਧਾਨੀ ਵਿੱਚ ਇਸ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਅੱਠ ਹੋ ਗਈ ਹੈ, ਜਦੋਂਕਿ ਦੇਸ਼ ਵਿੱਚ ਕੁੱਲ 13 ਕੇਸ ਸਾਹਮਣੇ ਆਏ ਹਨ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਔਰਤ ਨੂੰ ਐੱਲਐੱਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ, ਮੰਕੀਪੌਕਸ ਤੋਂ ਪੀੜਤ ਇੱਕ ਹੋਰ ਸ਼ੱਕੀ ਵਿਅਕਤੀ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਸੂਤਰ ਨੇ ਦੱਸਿਆ, ‘‘ਦਿੱਲੀ ਵਿੱਚ ਹੁਣ ਤੱਕ ਮੰਕੀਪੌਕਸ ਦੇ ਕੇਸਾਂ ਦੀ ਕੁੱਲ ਗਿਣਤੀ ਅੱਠ ਹੋ ਗਈ ਹੈ। ਨਵੇਂ ਮਾਮਲੇ ਵਿੱਚ ਨਾਇਜੀਰੀਆ ਦੀ 30 ਸਾਲਾ ਔਰਤ ਪੀੜਤ ਹੈ, ਜਿਸ ਨੂੰ ਐੱਲਐੱਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ’ਤੇ ਨਜ਼ਰ ਰੱਖੀ ਜਾ ਰਹੀ ਹੈ।’’ -ਪੀਟੀਆਈ