ਮੁੰਬਈ, 17 ਜੁਲਾਈ
ਟੀ-ਸੀਰੀਜ਼ ਕੰਪਨੀ ਦੇ ਮਾਲਕ ਤੇ ਨਿਰਮਾਤਾ ਕ੍ਰਿਸ਼ਨ ਕੁਮਾਰ ਕੋਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਉਸ ਦੇ ਭਤੀਜੇ ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਨਾ ਕਰਵਾਉਣ ਲਈ ਪੈਸੇ ਮੰਗਣ ਦੇ ਦੋਸ਼ ਹੇਠ ਮੁੰਬਈ ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ।ਇਹ ਕੇਸ ਅੰਬੋਲੀ ਪੁਲੀਸ ਥਾਣੇ ਵਿਚ ਸ਼ੁੱਕਰਵਾਰ ਰਾਤ ਮਲਿਕਾਰਜੁਨ ਪੁਜਾਰੀ ਖ਼ਿਲਾਫ਼ ਫਿਰੌਤੀ ਮੰਗਣ ਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਭੂਸ਼ਣ ਕੁਮਾਰ ਖ਼ਿਲਾਫ਼ 2017 ਤੇ 2020 ਵਿਚਾਲੇ ਆਪਣੀ ਕੰਪਨੀ ਵਿਚ ਨੌਕਰੀ ਦੇਣ ਦਾ ਲਾਰਾ ਲਗਾ ਕੇ ਇਕ 30 ਸਾਲਾ ਮਹਿਲਾ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ, ‘‘ਫਿਰੌਤੀ ਮੰਗਣ ਦੇ ਦੋਸ਼ ਹੇਠ ਮਲਿਕਾਰਜੁਨ ਪੁਜਾਰੀ ਖ਼ਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੇ ਇਸੇ ਸਾਲ 3 ਜੁਲਾਈ ਤੇ 10 ਜੁਲਾਈ ਵਿਚਾਲੇ ਕ੍ਰਿਸ਼ਨ ਕੁਮਾਰ ਤੱਕ ਪਹੁੰਚ ਕੀਤੀ ਸੀ ਅਤੇ ਭੂਸ਼ਣ ਕੁਮਾਰ ਖ਼ਿਲਾਫ਼ ਕੇਸ ਦਰਜ ਨਾ ਕਰਵਾਉਣ ਲਈ ਕ੍ਰਿਸ਼ਨ ਕੁਮਾਰ ਤੋਂ ਪੈਸਿਆਂ ਦੀ ਮੰਗ ਕੀਤੀ ਸੀ।’’ -ਪੀਟੀਆਈ