ਨਵੀਂ ਦਿੱਲੀ, 30 ਸਤੰਬਰ
ਦਿੱਲੀ ਦੇ ਹੋਲੀ ਫੈਮਲੀ ਹਸਪਤਾਲ ਵਿੱਚ ਜਾਮੀਆ ਮਿਲੀਆ ਇਸਲਾਮੀਆ ਦੇ ਇਕ ਵਿਦਿਆਰਥੀ ਨੂੰ ਇਕ ਹੋਰ ਵਿਦਿਆਰਥੀ ਨੇ ਗੋਲੀ ਮਾਰ ਦਿੱਤੀ। ਪੁਲੀਸ ਨੇ ਇਸ ਸਬੰਧੀ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੰਘੀ ਰਾਤ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਵਿਚਾਲੇ ਝਗੜੇ ਦੀ ਸੂਚਨਾ ਮਿਲੀ ਸੀ। ਪੁੱਛਗਿਛ ਦੌਰਾਨ ਪਤਾ ਲੱਗਾ ਕਿ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਵਸਨੀਕ ਨੋਮਾਨ ਚੌਧਰੀ (26) ਦੇ ਸਿਰ ’ਚ ਗੰਭੀਰ ਸੱਟ ਵੱਜੀ ਸੀ ਅਤੇ ਉਹ ਇਲਾਜ ਲਈ ਆਪਣੇ ਦੋਸਤ ਨੋਮਾਨ ਅਲੀ ਨਾਲ ਹੋਲੀ ਫੈਮਲੀ ਹਸਪਤਾਲ ਗਿਆ ਸੀ। ਇਸ ਵਿਚਾਲੇ ਦੂਜੇ ਸਮੂਹ ਦਾ ਵਿਦਿਆਰਥੀ ਜਲਾਲ ਆਪਣੇ ਦੋਸਤਾਂ ਨਾਲ ਹਸਪਤਾਲ ਪਹੁੰਚਿਆ ਅਤੇ ਐਮਰਜੈਂਸੀ ਵਾਰਡ ਦੇ ਬਾਹਰ ਅਲੀ ’ਤੇ ਗੋਲੀ ਚਲਾ ਦਿੱਤੀ। ਜ਼ਖਮੀ ਹੋਏ ਅਲੀ ਨੂੰ ਏਮਸ ਟਰੌਮਾ ਸੈਂਟਰ ਲਿਜਾਇਆ ਗਿਆ। -ਪੀਟੀਆਈ