ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਕਿਸਾਨੀ ਸੰਘਰਸ਼ ਦੇ ਫੈਲਣ ਦੇ ਨਾਲ ਹੀ ਦੱਖਣੀ ਰਾਜਾਂ ਦੇ ਕਿਸਾਨਾਂ ਦੇ ਕਾਫ਼ਲੇ ਦਿੱਲੀ ਦੇ ਮੋੋਰਚਿਆਂ ਵਿੱਚ ਪੁੱਜਣੇ ਸ਼ੁਰੂ ਹੋ ਗਏ ਹਨ। ਤਾਮਿਲਨਾਡੂ ਤੇ ਕੇਰਲਾ ਤੋਂ ਆਏ ਕਿਸਾਨਾਂ ਦੇ ਇੱਕ ਜੱਥੇ ਦਾ ਸਿੰਘੂ ਬਾਰਡਰ ’ਤੇ ਧਰਨੇ ਲਾਈ ਬੈਠੇ ਸੰਘਰਸ਼ਸ਼ੀਲ ਕਿਸਾਨਾਂ ਵੱਲੋਂ ਅੱਜ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ। ਕਿਸਾਨਾਂ ਨੇ ਆਪੋ-ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਕੇ ਅਤੇ ਹੱਥ ਹਿਲਾ ਕੇ ਗੂੜ੍ਹੀਆਂ ਨੀਲੀਆਂ ਵਰਦੀਆਂ ਪਾਈ ਇੱਕ ਕਤਾਰ ਵਿੱਚ ਸਿੰਘੂ ਬਾਰਡਰ ਦੀ ਮੁੱਖ ਸਟੇਜ ਵੱਲ ਵਧ ਰਹੇ ਇਨ੍ਹਾਂ ਨਵੇਂ ਸਾਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ‘ਕਿਸਾਨਾਂ ਬਿਨਾਂ, ਭਾਰਤ ਨਹੀਂ’ ਨਾਅਰਾ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਤਮਿਲ ਭਾਸ਼ਾ ਵਿੱਚ ਲਿਖਿਆ ਬੈਨਰ ਹੱਥਾਂ ਵਿੱਚ ਫੜਿਆ ਹੋਇਆ ਸੀ। ਇਸ ਕਾਫ਼ਲੇ ਨਾਲ ਲੋਕਲ ਬੈਂਡ ਟੀਮ ਵੀ ਪੁੱਜੀ ਹੋਈ ਹੈ। ਕਾਫ਼ਲੇ ਵਿੱਚ ਸ਼ਾਮਲ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਹੋਣੀ ਉਪਰ ਹੀ ਵੱਡਾ ਹਮਲਾ ਹੈ। ਇਸ ਲਈ ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਇਕਜੁਟ ਹੋ ਕੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਨਾ ਹੋਵੇਗਾ। ‘ਕਾਂਸ਼ੀ ਰਾਮ ਕਾਫ਼ਲੇ’ ਦੇ ਨਾਂ ਹੇਠ ਕਿਸਾਨਾਂ ਦਾ ਸੰਦੇਸ਼ ‘ਸਵੈ-ਰੱਖਿਆ, ਸਵੈ-ਸਨਮਾਨ ਤੇ ਸਵੈ-ਰਾਜ’ ਹਰ ਥਾਂ ਪੁੱਜਦਾ ਕਰਨਾ ਉਨ੍ਹਾਂ ਦਾ ਟੀਚਾ ਹੈ।