ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਦਸੰਬਰ
ਦਿੱਲੀ ਦੇ ਮੁੱਖ ਬਾਰਡਰਾਂ ਸਿੰਘੂ (ਕੁੰਡਲੀ) ਤੇ ਟਿਕਰੀ (ਬਹਾਦਰਗੜ੍ਹ) ’ਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਵੀ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਈ ਦੇ ਰਹੀ ਹੈ।
ਗੁਰੂਆਂ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੀ ਝਲਕ ਥਾਂ-ਥਾਂ ਦੇਖੀ ਜਾ ਸਕਦੀ ਹੈ ਜਿੱਥੇ ਹਰ ਵਰਗ ਲਈ ‘ਜੀ ਆਇਆਂ’ ਹੈ। ਔਰਤਾਂ ਬੋਲੀਆਂ ਪਾ ਕੇ ਮੋਦੀ ਸਰਕਾਰ ਨੂੰ ਭੰਡਦੀਆਂ ਦੇਖੀਆਂ ਜਾ ਸਕਦੀਆਂ ਹਨ। ਹੁਣ ਤਾਂ ਪ੍ਰਭਾਤ-ਫੇਰੀਆਂ ਵੀ ਕੱਢੀਆਂ ਜਾਣ ਲੱਗੀਆਂ ਹਨ ਤੇ ਕਈ ਟਰਾਲੀਆਂ ਵਿੱਚ ਲਿਆਂਦੇ ਸੰਗੀਤਕ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਵੀ ਕੀਤਾ ਜਾਂਦਾ ਹੈ। ਵਿਹਲ ਸਮੇਂ ਬਾਬੇ ਟਰਾਲੀਆਂ ਹੇਠਾਂ ‘ਬੇਗੀ ਕੁੱਟ’ ਤੇ ਸਰਾਂ ਬਣਾਉਣ ’ਚ ਲੱਗੇ ਰਹਿੰਦੇ ਹਨ। ਨੌਜਵਾਨ ਬਜ਼ੁਰਗਾਂ ਤੇ ਸ਼ਾਮਲ ਲੋਕਾਂ ਲਈ ਸਵੇਰੇ ਹੀ ਲੰਗਰ ਤਿਆਰ ਕਰਨਾ ਸ਼ੁਰੂ ਦਿੰਦੇ ਹਨ। ਕੇਂਦਰ ਸਰਕਾਰ ਤੇ ਕਿਸਾਨੀ ਮੁੱਦਿਆਂ ਉੱਪਰ ਉਸੇ ਤਰ੍ਹਾਂ ਚਰਚਾ ਹੁੰਦੀ ਜਿਵੇਂ ਕਿ ਪਿੰਡਾਂ ਵਿੱਚ ਖੁੰਡ ਚਰਚਾ ਆਮ ਹੁੰਦੀ ਦੇਖੀ ਜਾਂਦੀ ਹੈ। ਨੁੱਕੜ ਨਾਟਕਾਂ ਤੇ ਦੇਸ਼ ਭਗਤੀ ਦੇ ਗੀਤਾਂ ਦੀ ਗੂੰਜ ਸਟੇਜਾਂ ਤੋਂ ਆਉਂਦੀ ਰਹਿੰਦੀ ਹੈ।
ਕਬੱਡੀ ਤੇ ਹੋਰ ਖੇਡਾਂ ਦੇ ਖਿਡਾਰੀਆਂ, ਗਾਇਕਾਂ ਪ੍ਰਤੀ ਨੌਜਵਾਨਾਂ ਦੀ ਖਿੱਚ ਹੈ ਤੇ ਕੌਮੀ ਸ਼ਾਹਰਾਹ ਮੱਲੀ ਬੈਠੇ ਨੌਜਵਾਨ ‘ਸੈਲਫੀਆਂ’ ਖਿੱਚਣ ਦਾ ਮੌਕਾ ਨਹੀਂ ਛੱਡਦੇ। ਇੱਥੇ ਨੌਜਵਾਨਾਂ ਵੱਲੋਂ ਰਲ-ਮਿਲ ਕੇ ਦਿਨ ਦੇ ਸਾਰੇ ਕੰਮ ਭੱਜ-ਭੱਜ ਕੇ ਨਬਿੇੜੇ ਜਾਂਦੇ ਹਨ ਤੇ ਫਿਰ ਤਕਰੀਰਾਂ ਦੇ ਦੌਰ ਦੌਰਾਨ ਮੁੱਖ ਮੰਚ ਉੱਪਰ ਭੀੜ ਵੱਧ ਜਾਂਦੀ ਹੈ। ਹਰਿਆਣਾ ਦੇ ਕਿਸਾਨ ਵੀਰ ਢਾਣੀਆਂ ਵਿੱਚ ਹੁੱਕਾ ਪੀ ਰਹੇ ਹੁੰਦੇ ਹਨ। ਉਹ ਪੰਜਾਬ ਤੋਂ ਆਏ ਕਿਸਾਨਾਂ ਤੋਂ ਟਰਾਲੀਆਂ ਨੂੰ ‘ਵਾਟਰ ਪਰੂਫ਼’ ਕਰਨ ਦੇ ਗੁਰ ਸਿੱਖਦੇ ਹਨ ਤੇ ਦੋਨਾਂ ਰਾਜਾਂ ਵਿੱਚ ਖੇਤੀ ਕਰਨ ਦੇ ਤਰੀਕਿਆਂ ਬਾਰੇ ਚਰਚਾ ਜਾਰੀ ਰਹਿੰਦੀ ਹੈ।