ਸ੍ਰੀਨਗਰ, 26 ਅਕਤੂਬਰ
ਸੁਰੱਖਿਆ ਬਲਾਂ ਨੇ ਅੱਜ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲਓਸੀ) ‘ਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਵਿਦੇਸ਼ੀ ਅਤਿਵਾਦੀ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਕੰਟਰੋਲ ਰੇਖਾ ਦੇ ਨਾਲ ਕਰਨਾਹ ਸੈਕਟਰ ਦੇ ਸੁਦਪੋਰਾ ‘ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ‘ਚ ਵਿਦੇਸ਼ੀ ਅਤਿਵਾਦੀ ਮਾਰਿਆ ਗਿਆ। ਮਾਰਿਆ ਅਤਿਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸੀ ਤੇ ਉਸ ਦੀ ਪਛਾਣ 32 ਸਾਲਾ ਮੁਹੰਮਦ ਸ਼ਕੂਰ ਵਜੋਂ ਹੋਈ ਹੈ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਸਯਦਪੁਰਾ ਦਾ ਰਹਿਣ ਵਾਲਾ ਸੀ।