ਰਾਂਚੀ, 20 ਜੁਲਾਈ
ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਗ਼ੈਰਕਾਨੂੰਨੀ ਰੇਤ ਮਾਈਨਿੰਗ ਦੀ ਜਾਂਚ ਕਰ ਰਹੇ ਡੀਐੱਸਪੀ ਨੂੰ ਟਰੱਕ ਵੱਲੋਂ ਦਰੜਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਝਾਰਖੰਡ ਦੀ ਰਾਜਧਾਨੀ ਰਾਂਚੀ ਨੇੜੇ ਵਾਹਨ ਚੈੱਕ ਕਰਨ ਦੀ ਡਿਊਟੀ ’ਤੇ ਤਾਇਨਾਤ ਮਹਿਲਾ ਪੁਲੀਸ ਕਰਮੀ ਸੰਧਿਆ ਟੋਪਨੋ (32) ਨੂੰ ਪਸ਼ੂ ਤਸਕਰੀ ’ਚ ਸ਼ਾਮਲ ਪਿਕਅੱਪ ਵੈਨ ਨੇ ਦਰੜ ਦਿੱਤਾ। ਸਬ ਇੰਸਪੈਕਟਰ ਸੰਧਿਆ ਰਾਂਚੀ ਦੇ ਬਾਹਰਵਾਰ ਟੂਪੂਦਾਨਾ ’ਚ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਪਸ਼ੂ ਲਿਜਾ ਰਹੇ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਅਤੇ ਡਰਾਈਵਰ ਮੌਕੇ ਤੋਂ ਵਾਹਨ ਭਜਾ ਕੇ ਲੈ ਗਿਆ। ਪੁਲੀਸ ਨੇ ਦੱਸਿਆ ਕਿ ਸੰਧਿਆ ਨੂੰ ਰਾਜੇਂਦਰਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਲਿਜਾਇਆ ਗਿਆ ਪਰ ਉਸ ਨੇ ਰਾਹ ’ਚ ਦਮ ਤੋੜ ਦਿੱਤਾ। ਰਾਂਚੀ ਸਿਟੀ ਐੱਸਪੀ ਅੰਸ਼ੂਮਨ ਕੁਮਾਰ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਪਸ਼ੂ ਤਸਕਰੀ ਦਾ ਕੇਸ ਜਾਪਦਾ ਹੈ। ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। -ਪੀਟੀਆਈ