ਨਵੀਂ ਦਿੱਲੀ: ਯੂਜੀਸੀ ਨੇ ਅੱਜ ਕਿਹਾ ਕਿ ਦੂਰਵਰਤੀ ਤੇ ਆਨਲਾਈਨ ਸਿੱਖਿਆ ਰਾਹੀਂ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਹਾਸਲ ਕੀਤੀਆਂ ਡਿਗਰੀਆਂ ਨੂੰ ਰਵਾਇਤੀ ਢੰਗ ਨਾਲ ਦਿੱਤੀਆਂ ਜਾਂਦੀਆਂ ਡਿਗਰੀਆਂ ਦੇ ਬਰਾਬਰ ਹੀ ਮੰਨਿਆ ਜਾਵੇਗਾ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ ਕਿ ਡਿਗਰੀ ਨਿਰਧਾਰਨ, 2014 ’ਤੇ ਯੂਜੀਸੀ ਦੇ ਨੋਟੀਫਿਕੇਸ਼ਨ ਮੁਤਾਬਕ ਉੱਚ ਸਿੱਖਿਆ ਸੰਸਥਾਵਾਂ ਵੱਲੋਂ ਓਪਨ ਜਾਂ ਦੂਰਵਰਤੀ ਜਾਂ ਆਨਲਾਈਨ ਮਾਧਿਅਮ ਰਾਹੀਂ ਅੰਡਰਗ੍ਰੈਜੂਏਟ ਤੇ ਪੋਸਟਗ੍ਰੈਜੂਏਟ ਪੱਧਰ ’ਤੇ ਦਿੱਤੀ ਜਾਣ ਵਾਲੀ ਡਿਗਰੀ ਤੇ ਡਿਪਲੋਮਾ ਨੂੰ ਰਵਾਇਤੀ ਸਿੱਖਿਆ ਮਾਧਿਅਮ ਦੀ ਡਿਗਰੀ ਤੇ ਡਿਪਲੋਮਾ ਦੇ ਬਰਾਬਰ ਮੰਨਿਆ ਜਾਵੇਗਾ। ਇਹ ਫ਼ੈਸਲਾ ਯੂਜੀਸੀ (ਓਪਨ ਤੇ ਦੂਰਵਰਤੀ ਸਿੱਖਿਆ ਪ੍ਰੋਗਰਾਮ ਤੇ ਆਨਲਾਈਨ ਪ੍ਰੋਗਰਾਮ) ਨੇਮਾਂ ਦੇ ਨਿਯਮ 22 ਅਨੁਸਾਰ ਲਿਆ ਗਿਆ ਹੈ। -ਪੀਟੀਆਈ
ਸਾਂਝੇ ਦਾਖਲਾ ਟੈਸਟ-ਅੰਡਰ ਗਰੈਜੂਏਟ ਦੇ ਨਤੀਜੇ 15 ਤੱਕ ਐਲਾਨੇ ਜਾਣਗੇ
ਨਵੀਂ ਦਿੱਲੀ: ਸਾਂਝੇ ਦਾਖਲਾ ਟੈਸਟ-ਅੰਡਰ-ਗਰੈਜੂਏਟ (ਸੀਯੂਈਟੀ-ਯੂਜੀ) ਦੇ ਨਤੀਜੇ 15 ਸਤੰਬਰ ਤੱਕ ਐਲਾਨੇ ਜਾਣਗੇ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਅੱਜ ਦੱਸਿਆ ਕਿ ਇਹ ਪ੍ਰੀਖਿਆਵਾਂ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜੁਲਾਈ ਤੋਂ 30 ਅਗਸਤ ਦਰਮਿਆਨ ਕਰਵਾਈਆਂ ਗਈਆਂ ਸਨ। ਉਨ੍ਹਾਂ ’ਵਰਸਿਟੀਆਂ ਨੂੰ ਦਾਖਲਿਆਂ ਲਈ ਸੀਯੂਈਟੀ ਅੰਕਾਂ ਦੇ ਅਧਾਰ ’ਤੇ ਵੈਬ ਪੋਰਟਲ ਤਿਆਰ ਰੱਖਣ ਦੀ ਹਦਾਇਤ ਕੀਤੀ। -ਪੀਟੀਆਈ