ਨਵੀਂ ਦਿੱਲੀ, 31 ਅਗਸਤ
ਪੁਲੀਸ ਨੇ ਫੈਕਟ ਚੈੱਕਰ ਤੇ ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਲਈ ਜ਼ਿੰਮੇਵਾਰ ਟਵਿੱਟਰ ਵਰਤੋਂਕਾਰ ਦੀ ਪਛਾਣ ਕਰ ਲਈ ਹੈ। ਪੁਲੀਸ ਨੇ ਕਿਹਾ ਕਿ ਜ਼ੁਬੈਰ ਦੀ ਗ੍ਰਿਫ਼ਤਾਰੀ ਪਿੱਛੇ 36 ਸਾਲਾ ਦਿੱਲੀ ਆਧਾਰਿਤ ਰੀਅਲ ਅਸਟੇਟ ਕਾਰੋਬਾਰੀ ਦਾ ਹੱਥ ਸੀ, ਜੋ ਪਿੱਛੋਂ ਰਾਜਸਥਾਨ ਦੇ ਅਜਮੇਰ ਨਾਲ ਸਬੰਧਤ ਹੈ। ਪੁਲੀਸ ਅਧਿਕਾਰੀ, ਜੋ ‘ਹਨੂਮਾਨ ਭਗਤ’ ਦੇ ਨਾਂ ਹੇਠ ਚੱਲ ਰਹੇ ਟਵਿੱਟਰ ਹੈਂਡਲ @ਬਾਲਾਜੀਕੀਜੈਇਨ ਦੀ ਪਛਾਣ ਸਥਾਪਤ ਕਰਨ ਲਈ ਕੰਮ ਕਰ ਰਹੇ ਹਨ, ਨੇ ਹਾਲਾਂਕਿ ਕਾਰੋਬਾਰੀ ਦਾ ਨਾਂ ਨਹੀਂ ਦੱਸਿਆ। ਪੁਲੀਸ ਮੁਤਾਬਕ ਇਸ ਕਾਰੋਬਾਰੀ ਦੇ ਕਿਸੇ ਸਿਆਸੀ ਪਾਰਟੀ ਨਾਲ ਸਬੰੰਧ ਹੋਣ ਬਾਰੇ ਕੋਈ ਸਬੂਤ ਨਹੀਂ ਹੈ। ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਪੁਲੀਸ ਅਧਿਕਾਰੀ ਨੇ ਕਿਹਾ, ‘‘ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ 36 ਸਾਲਾ ਰੀਅਲ ਅਸਟੇਟ ਕਾਰੋਬਾਰੀ ਵੱਲੋਂ ਇਕ ਗੁਮਨਾਮ ਟਵਿੱਟਰ ਹੈਂਡਲ ਚਲਾਇਆ ਜਾ ਰਿਹਾ ਸੀ।’’ -ਪੀਟੀਆਈ