ਬੰਗਲੂਰੂ, 20 ਜੁਲਾਈ
ਸੰਤਾਂ ਦੇ ਇੱਕ ਵਫ਼ਦ ਨੇ ਅੱਜ ਕਰਨਾਟਕ ਦੇ ਮੁੱਖ ਮਤਰੀ ਬੀਐੱਸ ਯੇਦੀਯੁਰੱਪਾ ਨਾਲ ਮੁਲਾਕਾਤ ਕੀਤੀ। ਯੇਦੀਯੁਰੱਪਾ ਨੇ ਵਫ਼ਦ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਹਾਈ ਕਮਾਂਡ ਦਾ ਫ਼ੈਸਲਾ ਮੰਨਣਾ ਹੀ ਪਵੇਗਾ। ਮੁੱਖ ਮੰਤਰੀ ਦੇ ਇਸ ਬਿਆਨ ਨਾਲ ਸੂਬੇ ’ਚ ਲੀਡਰਸ਼ਿਪ ’ਚ ਤਬਦੀਲੀ ਸਬੰਧੀ ਖ਼ਬਰਾਂ ਦੀ ਪੁਸ਼ਟੀ ਹੁੰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਸੰਤਾਂ ਦੇ ਵਫਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਸੂਬੇ ’ਚ ਸਿਆਸੀ ਗੜਬੜੀ ਹੋ ਸਕਦੀ ਹੈ।
ਵਫ਼ਦ ਦੀ ਅਗਵਾਈ ਕਰਨ ਵਾਲੇ ਬਾਲੇਹੋਸੁਰ ਮੱਠ ਦੇ ਦਿੰਗਲੇਸ਼ਵਰ ਸਵਾਮੀ ਨੇ ਕਿਹਾ, ‘ਯੇਦੀਯੁਰੱਪਾ ਨੇ ਸਿਰਫ਼ ਇਹੀ ਕਿਹਾ ਕਿ ਉਹ ਇਸ ਮੁੱਦੇ ’ਤੇ ਕੁਝ ਵੀ ਕਹਿਣ ਦੀ ਸਥਿਤੀ ’ਚ ਨਹੀਂ ਹਨ ਤੇ ਉਨ੍ਹਾਂ ਨੂੰ ਹਾਈ ਕਮਾਂਡ ਦਾ ਹਰ ਫ਼ੈਸਲਾ ਮੰਨਣਾ ਪਵੇਗਾ। ਉਨ੍ਹਾਂ ਇਸ ਤੋਂ ਇਲਾਵਾ ਕੁਝ ਨਹੀਂ ਕਿਹਾ।’ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ, ‘ਜਦੋਂ ਅਸੀਂ ਯੇਦੀਯੁਰੱਪਾ ਨੂੰ ਸਵਾਲ ਕੀਤਾ ਕਿ ਅਸਲ ’ਚ ਕੀ ਹੋਇਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ’ਤੇ ਕੋਈ ਟਿੱਪਣੀ ਨਹੀਂ ਕਰਨਗੇ ਅਤੇ ਹਾਈ ਕਮਾਂਡ ਦਾ ਫ਼ੈਸਲਾ ਆਖਰੀ ਹੋਵੇਗਾ। ਉਨ੍ਹਾਂ ਹੋਰ ਕੁਝ ਨਹੀਂ ਕਿਹਾ।’ ਉਨ੍ਹਾਂ ਕਿਹਾ, ‘ਜ਼ਿਆਦਾਤਰ ਸੰਤਾਂ ਦੀ ਰਾਏ ਇਹ ਹੈ ਕਿ ਯੇਦੀਯੁਰੱਪਾ ਨੂੰ ਤਬਦੀਲ ਨਾ ਕੀਤਾ ਜਾਵੇ। ਜੇਕਰ ਅਜਿਹਾ ਕੀਤਾ ਗਿਆ ਤਾਂ ਤੁਹਾਨੂੰ (ਭਾਜਪਾ) ਨੂੰ ਆਉਣ ਵਾਲੇ ਸਮੇਂ ’ਚ ਮਾੜੇ ਨਤੀਜੇ ਝੱਲਣੇ ਪੈਣਗੇ। ਤਬਦੀਲੀ ਦੀ ਜ਼ਰੂਰਤ ਕੀ ਹੈ? ਅਸੀਂ ਨਵੇਂ ਆਗੂਆਂ ਨੂੰ ਮੌਕਾ ਦੇਣ ਦੇ ਖ਼ਿਲਾਫ਼ ਨਹੀਂ ਹਾਂ।’
ਯੇਦੀਯੁਰੱਪਾ ਨੂੰ ਮਿਲਣ ਵਾਲੇ ਵਫ਼ਦ ’ਚ ਦੋ ਦਰਜਨ ਦੇ ਕਰੀਬ ਸੰਤ ਸ਼ਾਮਲ ਸਨ। ਇਸ ਵਫ਼ਦ ਨੇ ਯੇਦੀਯੁਰੱਪਾ ਨੂੰ ਭਵਿੱਖ ’ਚ ਵੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। -ਪੀਟੀਆਈ