ਨਵੀਂ ਦਿੱਲੀ, 3 ਸਤੰਬਰ
ਪੱਤਰਕਾਰਾਂ ਦੇ ਇਕ ਵਫ਼ਦ ਨੇ ਕਿਰਤ ਮੰਤਰੀ ਭੁਪੇਂਦਰ ਯਾਦਵ ਨਾਲ ਮਿਲ ਕੇ ਪ੍ਰਸਤਾਵਿਤ ਲੇਬਰ ਕੋਡ ਬਾਰੇ ਖ਼ਦਸ਼ੇ ਪ੍ਰਗਟਾਏ। ਵਫ਼ਦ ’ਚ ਪ੍ਰੈੱਸ ਐਸੋਸੀਏਸ਼ਨ, ਵਰਕਿੰਗ ਨਿਊਜ਼ ਕੈਮਰਾਮੈਨਜ਼ ਐਸੋਸੀਏਸ਼ਨ ਤੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਸਨ। ਉਨ੍ਹਾਂ ਮੰਤਰੀ ਨੂੰ ਕਿਹਾ ਕਿ ਜੇਕਰ ਵਰਕਿੰਗ ਜਰਨਲਿਸਟਸ ਐਕਟ ਰੱਦ ਕੀਤਾ ਜਾਂਦਾ ਹੈ ਤਾਂ ਪੱਤਰਕਾਰਾਂ ਦੇ ਰਚਨਾਤਮਕ ਕੰਮ ਨੂੰ ਸਮਝੇ ਬਿਨਾਂ ਉਨ੍ਹਾਂ ਨਾਲ ਦੇਸ਼ ’ਚ ਹੋਰ ਕਿਰਤੀਆਂ ਵਰਗਾ ਵਿਹਾਰ ਕੀਤਾ ਜਾਵੇਗਾ। ਵਫ਼ਦ ਨੇ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਅਤੇ ਉਸ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਵਰਕਿੰਗ ਜਰਨਲਿਸਟ ਐਕਟ ਦੀਆਂ ਵਿਸ਼ੇਸ਼ ਧਾਰਾਵਾਂ ਨੂੰ ਕਾਇਮ ਰੱਖਿਆ ਜਾਵੇ। ਵਫ਼ਦ ਨੇ ਕਿਹਾ ਕਿ ਸਨਅਤੀ ਵਿਵਾਦ ਐਕਟ, 1947 ਦੀਆਂ ਧਾਰਾਵਾਂ ਵਰਕਿੰਗ ਪੱਤਰਕਾਰਾਂ ’ਤੇ ਲਾਗੂ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਇਹ ਨੁਕਤਾ ਵੀ ਉਠਾਇਆ ਕਿ ਨਵੇਂ ਲੇਬਰ ਕੋਡ ਮਾਲਕਾਂ ਨੂੰ ਮੁਲਾਜ਼ਮ ਰੱਖਣ ਅਤੇ ਕੱਢਣ ਦੀ ਵਧੇਰੇ ਛੋਟ ਦਿੰਦਾ ਹੈ। ਲੇਬਰ ਕੋਡ ’ਚ ਕੰਪਨੀਆਂ ਨੂੰ ਪੱਤਰਕਾਰਾਂ ਸਮੇਤ ਮੁਲਾਜ਼ਮਾਂ ਲਈ ਸੇਵਾ ਸ਼ਰਤਾਂ ਮਨਮਾਨੇ ਢੰਗ ਨਾਲ ਵਰਤਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਜਥੇਬੰਦੀਆਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਸੀਨੀਅਰ ਪੱਤਰਕਾਰਾਂ ਨੂੰ ਸੂਬਾ ਸਰਕਾਰਾਂ ਵਾਂਗ ਕੇਂਦਰ ਸਰਕਾਰ ਵੱਲੋਂ ਪੈਨਸ਼ਨ ਦੇਣ ਦੀ ਯੋਜਨਾ ਬਣਾਈ ਜਾਵੇ। -ਪੀਟੀਆਈ