ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੁਲਾਈ
ਗਾਜ਼ੀਪੁਰ ਬਾਰਡਰ ’ਤੇ ਭਾਜਪਾ ਕਾਰਕੁੰਨਾਂ ਵੱਲੋਂ ਖੌਰੂ ਪਾਉਣ ਦੀ ਘਟਨਾ ਮਗਰੋਂ ਹੁਣ ਕਿਸਾਨਾਂ ਨੂੰ ਹੋਰ ਵਰਗਾਂ ਤੋਂ ਸਮਰਥਨ ਮਿਲਣ ਲੱਗ ਪਿਆ ਹੈ। ਗਾਜ਼ੀਪੁਰ ਹੱਦ ਵਾਲੇ ਮੋਰਚੇ ’ਤੇ ਅੱਜ ਭਾਰਤੀ ਵਾਲਮੀਕ ਸੰਘ ਦਾ ਵਫ਼ਦ ਕਿਸਾਨਾਂ ਨੂੰ ਮਿਲਿਆ ਅਤੇ ਉਨ੍ਹਾਂ ਕਿਸਾਨ ਅੰਦੋਲਨ ਨੂੰ ਜਾਤ ਤੇ ਧਰਮ ਵਿੱਚ ਵੰਡਣ ਦੀ ਚਾਲ ਤੋਂ ਚੌਕਸ ਰਹਿਣ ਦਾ ਸੱਦਾ ਦਿੱਤਾ।
ਵਫ਼ਦ ਦਾ ਸਵਾਗਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ। ਵਫ਼ਦ ਨਾਲ ਗੱਲਬਾਤ ਮਗਰੋਂ ਇਹ ਤੈਅ ਕੀਤਾ ਗਿਆ ਕਿ 5 ਜੁਲਾਈ ਨੂੰ ਵਾਲਮੀਕ ਸਮਾਜ ਦੀ ਪੰਚਾਇਤ ਕੀਤੀ ਜਾਵੇਗੀ ਤੇ ਸਾਰਾ ਦਿਨ ਮੰਚ ਸੰਚਾਲਨ ਸਮੇਤ ਮੋਰਚੇ ਦਾ ਸਮੁੱਚਾ ਪ੍ਰਬੰਧ ਵਾਲਮੀਕ ਸਮਾਜ ਵੱਲੋਂ ਕੀਤਾ ਜਾਵੇਗਾ।
ਵਫ਼ਦ ਦੇ ਆਗੂਆਂ ਅਨਿਲ ਮਕਰਾਨਾ ਤੇ ਰਵਿੰਦਰ ਨੇ ਕਿਹਾ ਕਿ ਕਿਸਾਨਾਂ ਨਾਲ ਝੜਪ ਨੂੰ ਭਾਜਪਾ ਵਾਲਮੀਕੀਆਂ ਨਾਲ ਜੋੜ ਕੇ ਵਿਵਾਦ ਪੈਦਾ ਕਰਨਾ ਚਾਹੁੰਦੀ ਹੈ ਜੋ ਬਿਲਕੁਲ ਵੀ ਕਬੂਲ ਨਹੀਂ ਕੀਤਾ ਜਾਵੇਗਾ। ਬਲਬੀਰ ਵਾਲਮੀਕ ਤੇ ਵੀਰੂ ਵਾਲਮੀਕ ਨੇ ਕਿਹਾ ਕਿ ਸਮਾਜ ਦਾ ਹਰੇਕ ਵਰਗ ਕਿਸਾਨ ਅੰਦੋਲਨ ਦੇ ਨਾਲ ਹੈ ਅਤੇ ਭਾਜਪਾ ਦੀ ਸੋਚੀ-ਸਮਝੀ ਚਾਲ ਤੇ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾਵੇਗਾ।