ਮੁੰਬਈ, 4 ਜਨਵਰੀ
ਕਾਰਡੇਲੀਆ ਕਰੂਜ਼ ਸ਼ਿਪ ਅੱਜ ਸ਼ਾਮ ਲਗਪਗ 6.30 ਵਜੇ ਮੁੰਬਈ ਪੁੱਜ ਗਿਆ ਜਿਸ ’ਚ ਕਰੋਨਾ ਦੀ ਲਾਗ ਵਾਲੇ 66 ਵਿਅਕਤੀ ਸਵਾਰ ਹਨ। ਮੌਕੇ ’ਤੇ ਬੀਐੱਮਸੀ ਤੇ ਪੁਲੀਸ ਅਧਿਕਾਰੀ ਪੁੱਜੇ। ਜ਼ਿਕਰਯੋਗ ਹੈ ਕਿ ਕਰੋਨਾ ਪੀੜਤਾਂ ਸਣੇ ਦੋ ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਗੋਆ ਲੈ ਕੇ ਪੁੱਜੇ ਕਰੂਜ਼ ਜਹਾਜ਼ ਨੂੰ ਵਾਪਸ ਮੁੰਬਈ ਭੇਜ ਦਿੱਤਾ ਗਿਆ ਸੀ। 66 ਕਰੋਨਾ ਪੀੜਤਾਂ ਵਿੱਚੋਂ ਕੁੱਝ ਨੇ ਗੋਆ ਵਿੱਚ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਬੀਤੇ ਦਿਨੀਂ ਕਿਹਾ ਸੀ ਕਿ ਮੁੰਬਈ ਤੋਂ ਗੋਆ ਆ ਰਹੇ ਕਾਰਡੈਲੀਆ ਕਰੂਜ਼ ਜਹਾਜ਼ ਵਿੱਚ ਸਵਾਰ ਦੋ ਹਜ਼ਾਰ ਯਾਤਰੀਆਂ ਵਿੱਚੋਂ 66 ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸੇ ਬੇੜੇ ’ਤੇ ਛਾਪਾ ਮਾਰ ਕੇ ਇੱਕ ਹਾਈ-ਪ੍ਰੋਫਾਈਲ ਰੇਵ ਪਾਰਟੀ ਦਾ ਪਰਦਾਫ਼ਾਸ਼ ਕੀਤਾ ਸੀ। ਬੀਤੇ ਐਤਵਾਰ ਨੂੰ ਜਹਾਜ਼ ਦੀ ਟੀਮ ਦੇ ਇੱਕ ਮੈਂਬਰ ਨੂੰ ਕਰੋਨਾ ਦੀ ਪੁਸ਼ਟੀ ਹੋਣ ਮਗਰੋਂ ਇਸ ਵਿੱਚ ਸਵਾਰ ਸਾਰੇ ਲੋਕਾਂ ਦੇ ਟੈਸਟ ਕਰਵਾਉਣੇ ਜ਼ਰੂਰੀ ਕੀਤੇ ਗਏ ਸਨ।
ਇਸ ਦੌਰਾਨ ਵਾਟਰਵੇਜ਼ ਲੈਜਰ ਟੂਰਿਜ਼ਮ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਇਸ ਕਰੂਜ਼ ’ਚ ਸਵਾਰ ਹੋਏ ਸਾਰੇ ਯਾਤਰੀਆਂ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਸੀ ਬਲਕਿ ਜਹਾਜ਼ ਵਿੱਚ ਚੜ੍ਹਨ ਸਮੇਂ ਉਨ੍ਹਾਂ ਦੀ ਆਰਟੀ-ਪੀਸੀਆਰ ਦੀ ਰਿਪੋਰਟ ਨੈਗੇਟਿਵ ਆਈ ਸੀ। ਇਸ ਤੋਂ ਇਲਾਵਾ ਜਿਨ੍ਹਾਂ ਮਹਿਮਾਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਉਨ੍ਹਾਂ ’ਚ ਵੀ ਕੋਈ ਲੱਛਣ ਵਿਖਾਈ ਨਹੀਂ ਦੇ ਰਹੇ ਸਨ। ਕੰਪਨੀ ਨੇ ਦਾਅਵਾ ਕੀਤਾ ਕਿ ਕਾਰਡੇਲੀਆ ਕਰੂਜ਼ ਨੇ ਡੀਜੀ ਸ਼ਿਪਿੰਗ ਵੱਲੋਂ ਦਿੱਤੇ ਸਾਰੇ ਨਿਯਮਾਂ ਅਤੇ ਕੋਵਿਡ- 19 ਪ੍ਰੋਟੋਕੋਲਾਂ ਦੀ ਵੀ ਪਾਲਣਾ ਕੀਤੀ ਹੈ। -ਪੀਟੀਆਈ