ਨਵੀਂ ਦਿੱਲੀ, 6 ਦਸੰਬਰ
ਦਿੱਲੀ-ਹਰਿਆਣਾ ਦੀਆਂ ਹੱਦਾਂ ਉਤੇ ਧਰਨੇ ਮਾਰ ਕੇ ਰੋਸ ਪ੍ਰਗਟਾ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਸੰਘਰਸ਼ ਨੂੰ ਅੱਗੇ ਲਿਜਾਣ ਦੇ ਉਹ ਪੂਰੀ ਤਰ੍ਹਾਂ ਸਮਰੱਥ ਹਨ। ਕਈਆਂ ਦਾ ਇਹ ਵੀ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਉਨ੍ਹਾਂ ਦੇ ਰਿਸ਼ਤੇਦਾਰ ਸੰਘਰਸ਼ ਜਾਰੀ ਰੱਖਣ ਲਈ ਉਨ੍ਹਾਂ ਨੂੰ ਮਦਦ ਦੇਣ ਦੇ ਚਾਹਵਾਨ ਹਨ। ਪੰਜਾਬ ਦੇ ਕਈ ਹਿੱਸਿਆਂ ਤੋਂ ਮੁਜ਼ਾਹਰਕਾਰੀ ਕਿਸਾਨ ਕਾਫ਼ੀ ਵੱਡੀ ਗਿਣਤੀ ਵਿਚ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ਉਤੇ ਜੁੜੇ ਹੋਏ ਹਨ। ਠੰਢ ਵਿਚ ਵੀ ਉਹ ਸੜਕਾਂ ’ਤੇ ਡਟੇ ਹੋਏ ਹਨ ਤੇ ਆਪਣੀ ਮੰਗਾਂ ਮੰਨਵਾਉਣ ਲਈ ਬਜ਼ਿੱਦ ਹਨ।
ਕਿਸਾਨ ਭਾਈਚਾਰਾ ਪ੍ਰਦਰਸ਼ਨ ਵਾਲੀ ਥਾਂ ਉਤੇ ਪੂਰੀ ਤਿਆਰੀ ਨਾਲ ਪੁੱਜਾ ਹੈ। ਉਨ੍ਹਾਂ ਕੋਲ ਫ਼ਲ, ਸਬਜ਼ੀਆਂ ਤੇ ਹੋਰ ਜ਼ਰੂਰੀ ਵਰਤੋਂ ਵਾਲੀਆਂ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਸਥਾਨਕ ਲੋਕ, ਵਾਲੰਟੀਅਰ ਗਰੁੱਪ ਤੇ ਸਿੰਘੂ ਹੱਦ ਨੇੜੇ ਸਥਿਤ ਗੁਰਦੁਆਰੇ ਤੋਂ ਵੀ ਮੁਜ਼ਾਹਰਾਕਾਰੀਆਂ ਨੂੰ ਮਦਦ ਮਿਲ ਰਹੀ ਹੈ। ਧਰਨੇ ਵਾਲੀ ਥਾਂ ਉਤੇ ਮੌਜੂਦ ਕਈ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਬਾਹਰਲੇ ਮੁਲਕਾਂ ਵਿਚ ਹਨ।
ਉਨ੍ਹਾਂ ਇਕਜੁੱਟਤਾ ਪ੍ਰਗਟ ਕਰਦਿਆਂ ਮਦਦ ਲਈ ਹੱਥ ਅੱਗੇ ਵਧਾਏ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਨੌਨਿਹਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬੀਜ ਜ਼ਰੂਰ ਭਾਰਤ ਵਿਚ ਬੀਜਦੇ ਹਨ, ਪਰ ‘ਪਰਿਵਾਰ ਦੁਨੀਆ ਦੇ ਹਰ ਕੋਨੇ ਵਿਚ ਮੌਜੂਦ ਹਨ।’ ਜ਼ਿਕਰਯੋਗ ਹੈ ਕਿ ਪੰਜਾਬੀ ਜੜ੍ਹਾਂ ਵਾਲੀ ਵੱਡੀ ਗਿਣਤੀ ਆਬਾਦੀ ਯੂਰੋਪੀ ਮੁਲਕਾਂ, ਕੈਨੇਡਾ, ਅਮਰੀਕਾ ਤੇ ਇੰਗਲੈਂਡ ਵਿਚ ਵਸਦੀ ਹੈ। ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਗੱਡੀ ਉਤੇ ਲਾ ਕੇ ਪੁੱਜੇ ਤਰਲੋਚਨ ਸਿੰਘ ਸਫ਼ਰੀ ਨੇ ਕਿਹਾ ਕਿ ਪੰਜਾਬ ਨੇ ਭਾਰਤ ਲਈ ਅਣਗਿਣਤ ਕੁਰਬਾਨੀਆਂ ਕੀਤੀਆਂ ਹਨ, ਚਾਹੇ ਉਹ ਕਿਸਾਨਾਂ ਵਜੋਂ ਹੋਣ ਜਾਂ ਆਜ਼ਾਦੀ ਘੁਲਾਟੀਆਂ ਵਜੋਂ। ਭਗਤ ਸਿੰਘ ਦੀ ਕੁਰਬਾਨੀ ਬੇਮਿਸਾਲ ਹੈ। ਵੱਡੀ ਗਿਣਤੀ ਨੌਜਵਾਨ ਭਾਰਤੀ ਫ਼ੌਜ ਵਿਚ ਦੇਸ਼ ਲਈ ਸੇਵਾਵਾਂ ਦੇ ਰਹੇ ਹਨ ਤੇ ਕੁਝ ਲੋਕ ਸਾਨੂੰ ਅਤਿਵਾਦੀ ਦੱਸ ਰਹੇ ਹਨ। ਸਫ਼ਰੀ ਨੇ ਕਿਹਾ ਕਿ ਪਰਿਵਾਰ ਦੇ ਕਈ ਮੈਂਬਰ ਕੈਨੇਡਾ ਵਿਚ ਹਨ ਤੇ ਉਹ ਸਾਨੂੰ ਸੰਘਰਸ਼ ਜਾਰੀ ਰੱਖਣ ਲਈ ਉਤਸ਼ਾਹਿਤ ਕਰ ਰਹੇ ਹਨ। -ਪੀਟੀਆਈ