ਨਵੀਂ ਦਿੱਲੀ, 12 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਭਵਿੱਖੀ ਰੱਖਿਆ ਚੁਣੌਤੀਆਂ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਇਕ ਮਜ਼ਬੂਤ, ਸੁਰੱਖਿਅਤ ਸਵੈ-ਨਿਰਭਰ ਪ੍ਰਬੰਧ ਕਾਇਮ ਕਰਨ ਲਈ ਵਚਨਬੱਧ ਹੈ।
ਇੱਥੇ ਫ਼ੌਜੀ ਸੰਚਾਲਨ ਤੰਤਰ ਸਬੰਧੀ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਤਿੰਨ ਸੈਨਾਵਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਮੁਲਕ ਵਿਚ ਇਕ ਸਾਂਝਾ ਢਾਂਚਾ ਵਿਕਸਿਤ ਕਰਨ ’ਤੇ ਧਿਆਨ ਕੇਂਦਰਤ ਕਰ ਰਹੀ ਹੈ। ਇਸ ਪ੍ਰਬੰਧ ਰਾਹੀਂ ਇਕ ਸੈਨਾ ਦੇ ਸਰੋਤ ਦੂਜੀ ਦੀ ਵਰਤੋਂ ਲਈ ਉਪਲਬਧ ਰਹਿਣਗੇ। ਇੱਥੇ ਮਾਨਕਸ਼ਾਅ ਕੇਂਦਰ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਸੂਚਨਾ ਤੇ ਸੰਚਾਰ ਤਕਨੀਕ ਢਾਂਚਾ ਵੀ ਅਜਿਹੀ ਵਿਵਸਥਾ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਰੱਖਿਆ ਮੰਤਰੀ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਨੇ ਆਪਣਾ ‘ਆਈਸੀਟੀ ਆਰਕੀਟੈਕਚਰ’ ਵਿਕਸਤ ਕਰ ਲਿਆ ਹੈ। ਸਰਕਾਰ ਦਾ ਮੰਤਵ ਇਹੀ ਹੈ ਕਿ ਤਿੰਨਾਂ ਸੈਨਾਵਾਂ ਵਿਚਾਲੇ ਤਾਲਮੇਲ ਵੱਧ ਤੋਂ ਵੱਧ ਹੋਵੇ ਤੇ ਇਹ ਇਕ-ਦੂਜੇ ਦੇ ਸਰੋਤਾਂ ਨੂੰ ਬਿਹਤਰ ਢੰਗ ਨਾਲ ਵਰਤ ਸਕਣ। ਰੱਖਿਆ ਮੰਤਰੀ ਨੇ ਨਾਗਰਿਕ-ਫ਼ੌਜੀ ਤਾਲਮੇਲ ਮਜ਼ਬੂਤ ਕਰਨ ਉਤੇ ਵੀ ਜ਼ੋਰ ਦਿੱਤਾ। ਰਾਜਨਾਥ ਨੇ ਕਿਹਾ ਕਿ ਭਵਿੱਖ ਵਿਚ ਜੰਗ ਲੜਨ ਲਈ ਨਾ ਸਿਰਫ਼ ਤਿੰਨਾਂ ਸੈਨਾਵਾਂ ਦਾ ਤਾਲਮੇਲ ਜ਼ਰੂਰੀ ਹੋਵੇਗਾ, ਬਲਕਿ ਉਦਯੋਗਿਕ ਮਦਦ ਦੇ ਰੂਪ ਵਿਚ ਵੱਖ-ਵੱਖ ਇਕਾਈਆਂ ਨੂੰ ਵੀ ਖੋਜ ਤੇ ਵਿਕਾਸ ਲਈ ਤਾਲਮੇਲ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਤਿੰਨਾਂ ਸੈਨਾਵਾਂ ਨੂੰ ਸੰਯੁਕਤ ਕਰਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। -ਪੀਟੀਆਈ