ਦਵਿੰਦਰ ਪਾਲ/ਜਗਤਾਰ ਸਿੰਘ ਲਾਂਬਾ
ਚੰਡੀਗੜ੍ਹ/ਅੰਮਿ੍ਰਤਸਰ, 2 ਜੁਲਾਈ
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਗੁਰਪਤਵੰਤ ਸਿੰਘ ਪੰਨੂ ਨੂੰ ਅਤਿਵਾਦੀ ਐਲਾਨੇ ਜਾਣ ਤੋਂ ਇੱਕ ਦਿਨ ਬਾਅਦ, ਪੰਜਾਬ ਪੁਲੀਸ ਨੇ ਵੀਰਵਾਰ ਨੂੰ ਪੰਨੂ ਤੇ ਉਸ ਦੇ ਸਹਿਯੋਗੀ ਐੱਸਐੱਫਜੇ ਮੈਂਬਰ ਜੋਗਿੰਦਰ ਸਿੰਘ ਗੁੱਜਰ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਦੇਸ਼-ਧ੍ਰੋਹ ਤੇ ਵੱਖਵਾਦ ਦੇ ਦੋਸ਼ਾਂ ਤਹਿਤ ਦੋ ਵੱਖ-ਵੱਖ ਐੱਫ਼ਆਈਆਰ ਦਰਜ ਕੀਤੀਆਂ ਹਨ। ਪੰਜਾਬ ਪੁਲੀਸ ਨੇ ਅੱਜ ਇੱਥੇ ਦਾਅਵਾ ਕੀਤਾ ਹੈ ਕਿ ਦਲਿਤ ਸੁਰੱਖਿਆ ਸੈਨਾ (ਡੀਐੱਸਐੱਸ) ਨੇ ਗੁਰਪਤਵੰਤ ਪੰਨੂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ ’ਤੇ ਪੰਨੂ ਖ਼ਿਲਾਫ਼ ਥਾਣਾ ਬੀ-ਡਵੀਜ਼ਨ, ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡਾ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਵਾਸਤੇ ਉਕਸਾਉਣ ਲਈ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਨੂ ਤੇ ਹੋਰਨਾਂ ਦੀ ਇਸ ਕਾਰਵਾਈ ਨਾਲ ਦੇਸ਼ ਦੇ ਸਮੁੱਚੇ ਐੱਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲੀਸ ਮੁਤਾਬਕ ਦਲਿਤ ਸੁਰੱਖਿਆ ਸੈਨਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਮਰੀਕਾ ਅਧਾਰਿਤ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੇ ਸਾਥੀ ਇੱਕ ਵੀਡੀਓ ਵਿੱਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਦੇ ਵੇਖੇ ਗਏ। ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਅੱਗ ਲਾਉਂਦੇ ਵੇਖੇ ਗਏ। ਪੰਨੂ ਨੂੰ ਸਾਰੀ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਵਿਰੁੱਧ ਅਤੇ ਰੈੱਫਰੈਂਡਮ 2020 ਦੇ ਹੱਕ ਵਿੱਚ ਭੜਕਾਉਂਦੇ ਵੇਖਿਆ ਗਿਆ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਅਤਿਵਾਦੀਆਂ ਦੀਆਂ ਘਿਨਾਉਣੀਆਂ ਹਰਕਤਾਂ ਨੇ ਉਨ੍ਹਾਂ ਆਦਰਸ਼ਾਂ ਦੀ ਦੁਰਗਤ ਕੀਤੀ ਜਿਸ ’ਤੇ ਭਾਰਤੀ ਰਾਜ ਸਥਾਪਤ ਹੋਇਆ ਹੈ ਅਤੇ ਇਸ ਨਾਲ ਸਮੁੱਚੇ ਐੱਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪੁਲੀਸ ਬੁਲਾਰੇ ਅਨੁਸਾਰ ਉਪਰੋਕਤ ਸ਼ਿਕਾਇਤ ਸਬੰਧੀ ਤੁਰੰਤ ਕਾਰਵਾਈ ਜ਼ਰੂਰੀ ਸੀ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਸਾਥੀ ਆਪਣੇ ਕੰਮਾਂ ਅਤੇ ਬੋਲੇ ਤੇ ਲਿਖੇ ਸ਼ਬਦਾਂ ਕਰਕੇ ਦੇਸ਼ ਧ੍ਰੋਹੀਆਂ ਵਿੱਚ ਸ਼ਾਮਲ ਪਾਏ ਗਏ ਹਨ। ਉਹ ਫਿਰਕੂ ਫੁੱਟ ਪੈਦਾ ਕਰਨ ਦੇ ਨਾਲ-ਨਾਲ ਭਾਰਤ ਵਿੱਚ ਕਾਨੂੰਨ ਦੁਆਰਾ ਸਥਾਪਤ ਸਰਕਾਰ ਪ੍ਰਤੀ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਉਸ ਨੇ ਅਤੇ ਉਹਦੇ ਸਾਥੀਆਂ ਨੇ ਗੈਰਕਾਨੂੰਨੀ ਗਤੀਵਿਧੀਆਂ ਵੀ ਕੀਤੀਆਂ। ਇਕ ਪਾਬੰਦੀਸ਼ੁਦਾ ਜਥੇਬੰਦੀ ਦੇ ਮੈਂਬਰ ਹੋਣ ਕਾਰਨ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਸਹਿਯੋਗੀਆਂ ਨੇ ਅਪਰਾਧ ਰੋਕੂ ਐਕਟ, 1971 ਦੀ ਧਾਰਾ 2, ਭਾਰਤੀ ਦੰਡਾਵਲੀ ਨਿਯਮ ਦੇ ਸੈਕਸ਼ਨ 504, 124-ਏ ਅਤੇ 153-ਏ, ਯੂਏਪੀਏ ਦੀ ਧਾਰਾ 10 (ਏ) ਅਤੇ 13 (1) ਅਤੇ ਐੱਸਸੀ/ਐੱਸਟੀ ਐਕਟ ਦੀ ਧਾਰਾ 3 ਤਹਿਤ ਜੁਰਮ ਕੀਤੇ ਹਨ।
ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਦੂਜੀ ਐੱਫਆਈਆਰ, ਜੋ ਭੁਲੱਥ (ਕਪੂਰਥਲਾ) ਦੇ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ, ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਦੀ ਫ਼ਰਵਰੀ 2020 ਵਿੱਚ ਭਾਰਤ ’ਚ ਦਾਖਲ ਹੋਣ ਦੀ ਭਰੋਸੇਯੋਗ ਜਾਣਕਾਰੀ ’ਤੇ ਅਧਾਰਤ ਹੈ। ਇਸ ਕੇਸ ਵਿੱਚ ਪੰਨੂ ਅਤੇ ਉਸ ਦੇ ਸਾਥੀਆਂ ’ਤੇ ਦੇਸ਼ਧ੍ਰੋਹ ਅਤੇ ਵੱਖਵਾਦੀ ਗਤੀਵਿਧੀਆਂ ਦਾ ਦੋਸ਼ ਲਗਾਇਆ ਗਿਆ ਹੈ।