ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਛਗਨ ਭੁਜਬਲ ਤੇ ਦੋ ਹੋਰਾਂ ਖ਼ਿਲਾਫ਼ ਮੁੰਬਈ ਪੁਲੀਸ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਵਿਅਕਤੀ ਨੇ ਐੱਨਸੀਪੀ ਆਗੂ ਭੁਜਬਲ ਨੂੰ ਕੁਝ ਵੀਡੀਓ ਭੇਜੇ ਸਨ ਜਿਨ੍ਹਾਂ ’ਚ ਉਹ ਕਥਿਤ ਤੌਰ ’ਤੇ ਹਿੰਦੂ ਧਰਮ ਖ਼ਿਲਾਫ਼ ਬੋਲਦੇ ਨਜ਼ਰ ਆ ਰਹੇ ਸਨ। ਅਧਿਕਾਰੀ ਅਨੁਸਾਰ ਲੰਘੀ ਰਾਤ ਇਸ ਮਾਮਲੇ ’ਚ ਚੈਂਬੂਰ ਥਾਣੇ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਦੀ ਸ਼ਿਕਾਇਤ ’ਤੇ ਭੁਜਬਲ ਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ