ਰਾਂਚੀ, 17 ਸਤੰਬਰ
ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ’ਚ ਅੱਜ ਤਕਰੀਬਨ 50 ਮੁਸਾਫ਼ਰਾਂ ਨੂੰ ਲਿਜਾ ਰਹੀ ਬੱਸ ਪੁਲ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ ਛੇ ਮੁਸਾਫ਼ਰਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਐੱਸਪੀ ਮਨੋਜ ਰਤਨ ਨੇ ਦੱਸਿਆ ਕਿ ਗਿਰੀਡੀਹ ਤੋਂ ਰਾਂਚੀ ਜਾ ਰਹੀ ਇਹ ਬੱਸ ਟਾਟੀਝਰੀਆ ਥਾਣਾ ਇਲਾਕੇ ’ਚ ਪੁਲ ਦੀ ਰੇਲਿੰਗ ਤੋੜਦੀ ਹੋਈ ਸ਼ਿਵਾਨੀ ਨਦੀ ’ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਦੋ ਮੁਸਾਫਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਹੋਰ ਨੂੰ ਹਜ਼ਾਰੀਬਾਗ ਦੇ ਸਦਰ ਹਸਪਤਾਲ ’ਚ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕਈ ਮੁਸਾਫਰ ਗੰਭੀਰ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਰਾਂਚੀ ਦੇ ਰਾਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। -ਪੀਟੀਆਈ