ਨਵੀਂ ਦਿੱਲੀ, 7 ਜੁਲਾਈ
ਕੋਵਿਡ-19 ਮਹਾਮਾਰੀ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੇ ਖੱਪੇ ਨੂੰ ਪੂਰਨ ਲਈ ਸੀਬੀਐੱਸਈ ਨੇ ਵਿਦਿਅਕ ਸਾਲ 2020-21 ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਸਿਲੇਬਸ (ਪਾਠਕ੍ਰਮ) ਵਿੱਚ 30 ਫੀਸਦ ਤਕ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ, ‘ਦੇਸ਼ ਤੇ ਵਿਸ਼ਵ ਦੇ ਮੌਜੂਦਾ ਅਸਾਧਾਰਨ ਹਾਲਾਤ ਨੂੰ ਵੇਖਦਿਆਂ ਸੀਬੀਐੱਸਈ ਨੂੰ ਪਾਠਕ੍ਰਮ ’ਤੇ ਨਜ਼ਰਸਾਨੀ ਦੀ ਸਲਾਹ ਦਿੰਦਿਆਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਕੋਰਸ ਲੋਡ ਘਟਾਉਣ ਲਈ ਕਿਹਾ ਗਿਆ ਸੀ।’ ਨਿਸ਼ੰਕ ਨੇ ਇਕ ਟਵੀਟ ’ਚ ਕਿਹਾ, ‘ਇਸ ਫ਼ੈਸਲੇ ’ਤੇ ਪੁੱਜਣ ਲਈ, ਕੁਝ ਹਫ਼ਤੇ ਪਹਿਲਾਂ ਮੈਂ ਸਾਰੇ ਸਿੱਖਿਆ ਸ਼ਾਸਤਰੀਆਂ ਤੋਂ ਪਾਠਕ੍ਰਮ ਨੂੰ ਘਟਾਉਣ ਸਬੰਧੀ ਸੁਝਾਅ ਮੰਗੇ ਸੀ। ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ 1500 ਦੇ ਕਰੀਬ ਸੁਝਾਅ ਆਏ।’ ਮੰਤਰੀ ਨੇ ਕਿਹਾ, ‘ਗਿਆਨ ਦੀ ਪ੍ਰ੍ਰਾਪਤੀ ਦੀ ਅਹਿਮੀਅਤ ਨੂੰ ਵਿਚਾਰਦਿਆਂ ਪਾਠਕ੍ਰਮ ਦੇ ਸਾਰ ਤੱਤ ਵਾਲੇ ਸੰਕਲਪਾਂ ਨੂੰ ਕਾਇਮ ਰੱਖਦਿਆਂ 30 ਫੀਸਦ ਪਾਠਕ੍ਰਮ ਘਟਾਊਣ ਦਾ ਫੈਸਲਾ ਕੀਤਾ ਗਿਆ ਹੈ।’ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਸਕੂਲ 16 ਮਾਰਚ ਤੋਂ ਬੰਦ ਹਨ ਹਾਲਾਂਕਿ ਦੇਸ਼ਿਵਆਪੀ ਲੌਕਡਾਊਨ 24 ਮਾਰਚ ਤੋਂ ਅਮਲ ਵਿੱਚ ਆਇਆ ਸੀ। ਸਰਕਾਰ ਲੌਕਡਾਊਨ ਤਹਿਤ ਆਇਦ ਪਾਬੰਦੀਆਂ ਨੂੰ ਪੜਾਅਵਾਰ ਖ਼ਤਮ ਕਰ ਚੁੱਕੀ ਹੈ, ਪਰ ਸਕੂਲ ਤੇ ਕਾਲਜ ਅਜੇ ਵੀ ਬੰਦ ਹਨ।