ਚੰਦਰਪੁਰ: ਮਹਾਰਾਸ਼ਟਰ ਦੇ ਚੰਦਰਪੁਰ ਸ਼ਹਿਰ ਨੇੜੇ ਇੱਕ ਡੀਜ਼ਲ ਟੈਂਕਰ ਅਤੇ ਲੱਕੜਾਂ ਲਿਜਾ ਰਹੇ ਟਰੱਕ ਦਰਮਿਆਨ ਟੱਕਰ ਹੋਣ ਤੋਂ ਲੱਗੀ ਅੱਗ ’ਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਇੱਥੇ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਕਰੀਬ ਸਾਢੇ ਦਸ ਵਜੇ ਚੰਦਰਪੁਰ-ਮੁਲ ਮਾਰਗ ’ਤੇ ਵਾਪਰਿਆ। ਚੰਦਰਪੁਰ ਦੇ ਸਬ ਡਵੀਜ਼ਨਲ ਪੁਲੀਸ ਅਧਿਕਾਰੀ ਸੁਧੀਰ ਨੰਦਨਵਰ ਨੇ ਦੱਸਿਆ, ‘‘ਚੰਦਰਪੁਰ ਸ਼ਹਿਰ ਨੇੜੇ ਅਜੈਪੁਰ ਕੋਲ ਲੱਕੜਾਂ ਲਿਜਾ ਰਹੇ ਟਰੱਕ ਨਾਲ ਡੀਜ਼ਲ ਨਾਲ ਭਰੇ ਇੱਕ ਟੈਂਕਰ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਅੱਗ ਲੱਗ ਗਈ, ਜਿਸ ਕਾਰਨ 9 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। -ਪੀਟੀਆਈ