ਨਵੀਂ ਦਿੱਲੀ: ਬੁਰਾੜੀ ਵਿਚ ਮੁਜ਼ਾਹਰੇ ਵਾਲੀ ਥਾਂ ’ਤੇ ਦਿੱਲੀ ਪੁਲੀਸ ਨੇ ਅੱਜ ਨੌਂ ਕਿਸਾਨਾਂ ਨੂੰ ਪੁਲੀਸ ਕਰਮੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਦਿੱਲੀ ਦੇ ਬਾਹਰਵਾਰ ਬੁਰਾੜੀ ਵਿਚ ਡੀਡੀਏ ਮੈਦਾਨ ’ਤੇ ਕਈ ਕਿਸਾਨ ਨਵੰਬਰ ਦੇ ਅਖੀਰ ਤੋਂ ਧਰਨਾ ਮਾਰ ਕੇ ਬੈਠੇ ਹਨ। ਪੁਲੀਸ ਮੁਤਾਬਕ ਵੀਰਵਾਰ ਰਾਤ ਕਰੀਬ 7.30 ਵਜੇ ਕੁਝ ਮੁਜ਼ਾਹਰਾਕਾਰੀਆਂ ਨੇ ਬਾਹਰ ਆ ਕੇ ਲਾਲ ਕਿਲੇ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਜਦ ਮੈਦਾਨ ਦੇ ਗੇਟ ਉਤੇ ਤਾਇਨਾਤ ਏਐੱਸਆਈ ਹਰਬੰਸ ਲਾਲ ਨੇ ਕਿਸਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਪੁਲੀਸ ਕਰਮੀ ਦੀ ਵਰਦੀ ਪਾੜ ਦਿੱਤੀ ਤੇ ਹਮਲਾ ਕੀਤਾ। ਮੁਖਰਜੀ ਨਗਰ ਪੁਲੀਸ ਥਾਣੇ ਵਿਚ ਨੌਂ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕਿਸਾਨ ਜਸਕਰਨ ਸਿੰਘ ਕਾਨ੍ਹ ਸਿੰਘ ਵਾਲਾ, ਸ਼੍ਰੋਮਣੀ ਅਕਾਲੀ ਦਲ (ਕਿਸਾਨ ਵਿੰਗ, ਅੰਮ੍ਰਿਤਸਰ) ਦੇ ਅਗਵਾਈ ਹੇਠ ਧਰਨਾ ਦੇ ਰਹੇ ਸਨ। ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। -ਪੀਟੀਆਈ