ਅਹਿਮਦਾਬਾਦ, 11 ਸਤੰਬਰ
ਅਮਰੀਕਾ ’ਤੇ ਹੋਏ 9/11 ਦੇ ਦਹਿਸ਼ਤੀ ਹਮਲੇ ਨੂੰ ਮਨੁੱਖਤਾ ’ਤੇ ਹੋਇਆ ਹਮਲਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਪੱਕਾ ਹੱਲ ਮਨੁੱਖੀ ਕਦਰਾਂ-ਕੀਮਤਾਂ ’ਚ ਲੱਭਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ 1893 ’ਚ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ’ਚ ਵਿਸ਼ਵ ਧਰਮ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਦੀਆਂ ਮਨੁੱਖੀ ਕਦਰਾਂ-ਕੀਮਤਾਂ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਸੀ। ਸ੍ਰੀ ਮੋਦੀ ਦਾ ਇਹ ਬਿਆਨ 9/11 ਦੇ ਹਮਲੇ ਦੀ 20ਵੀਂ ਬਰਸੀ (ਨਿਊਯਾਰਕ ’ਚ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ’ਤੇ ਹੋਏ ਹਵਾਈ ਹਮਲੇ) ਅਤੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਰਮਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤਰੀਕ ਪੂਰੀ ਦੁਨੀਆ ਨੂੰ ਸਬਕ ਵੀ ਸਿਖਾਉਂਦੀ ਹੈ। ‘ਅੱਜ ਦੁਨੀਆ ਮਹਿਸੂਸ ਕਰ ਰਹੀ ਹੈ ਕਿ ਦੋ ਦਹਾਕੇ ਪੁਰਾਣੀ 9/11 ਵਰਗੀਆਂ ਤ੍ਰਾਸਦੀਆਂ ਦਾ ਪੱਕਾ ਹੱਲ ਮਨੁੱਖੀ ਕਦਰਾਂ-ਕੀਮਤਾਂ ਰਾਹੀਂ ਕੱਢਿਆ ਜਾ ਸਕਦਾ ਹੈ। ਜੇਕਰ ਸਾਨੂੰ ਇਨ੍ਹਾਂ ਦਹਿਸ਼ਤੀ ਹਮਲਿਆਂ ਦੇ ਸਬਕ ਚੇਤੇ ਰਖਣ ਦੀ ਲੋੜ ਹੈ ਤਾਂ ਫਿਰ ਸਾਨੂੰ ਮਨੁੱਖੀ ਕਦਰਾਂ-ਕੀਮਤਾਂ ਲਈ ਪੂਰੀ ਤਨਦੇਹੀ ਨਾਲ ਯਤਨ ਕਰਨ ਦੀ ਲੋੜ ਹੋਵੇਗੀ।’ ਅਹਿਮਦਾਬਾਦ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਸਰਦਾਰਧਾਮ ਭਵਨ ਦੇ ਉਦਘਾਟਨ ਅਤੇ ਲੜਕੀਆਂ ਦੇ ਹੋਸਟਲ ਦਾ ਭੂਮੀ ਪੂਜਨ ਕਰਨ ਮਗਰੋਂ ਆਪਣੇ ਸੰਬੋਧਨ ’ਚ ਸ੍ਰੀ ਮੋਦੀ ਨੇ ਤਾਮਿਲ ਕਵੀ ਸੁਬਰਾਮਣੀਆ ਭਾਰਤੀ ਦੀ ਬਰਸੀ ’ਤੇ ਤਾਮਿਲ ਸਟੱਡੀਜ਼ ਲਈ ਚੇਅਰ ਦਾ ਐਲਾਨ ਕੀਤਾ। ਇਹ ਚੇਅਰ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਆਰਟਸ ਫੈਕਲਟੀ ’ਚ ਸਥਾਪਤ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭਭਾਈ ਪਟੇਲ ਦੀ ‘ਸਟੈਚੂ ਆਫ਼ ਯੂਨਿਟੀ’ ਦਾ ਗੁਣਗਾਣ ਵੀ ਕੀਤਾ। ਉਨ੍ਹਾਂ ਕਿਹਾ ਕਿ ਗੁਜਰਾਤ ਵੱਲੋਂ ਪੇਸ਼ ‘ਸਹਿਕਾਰ ਸੇ ਸਫ਼ਲਤਾ’ ਦੇ ਵਿਚਾਰ ਤੋਂ ਵੀ ਮੁਲਕ ਨੂੰ ਲਾਭ ਹੋਇਆ ਹੈ। -ਪੀਟੀਆਈ