ਨਵੀਂ ਦਿੱਲੀ, 4 ਜੁਲਾਈ
ਮਹਾਰਾਸ਼ਟਰ ਵਿਚ 879 ਕਰੋੜ ਰੁਪਏ ਮੁੱਲ ਦੀ 300 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਤਸਕਰੀ ਕਥਿਤ ਤੌਰ ’ਤੇ ਅਫ਼ਗਾਨਿਸਤਾਨ ਤੋਂ ਕੀਤੀ ਗਈ ਹੈ। ਰਾਏਗੜ੍ਹ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਉਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਡੀਆਰਆਈ’ ਮੁਤਾਬਕ ਐਨੇ ਵੱਡੇ ਪੱਧਰ ਉਤੇ ਨਸ਼ੀਲਾ ਪਦਾਰਥ ਕਾਫ਼ੀ ਦੇਰ ਬਾਅਦ ਫੜਿਆ ਗਿਆ ਹੈ। ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਮੁਤਾਬਕ ਹੈਰੋਇਨ ਅਫ਼ਗਾਨਿਸਤਾਨ ਤੋਂ ਇਰਾਨ ਰਾਹੀਂ ਇੱਥੇ ਪਹੁੰਚੀ ਹੈ। ਇਸ ਨੂੰ ਜਿਪਸਮ ਸਟੋਨ ਤੇ ਟੈਲਕਮ ਪਾਊਡਰ ਦੱਸਿਆ ਗਿਆ ਸੀ। ਬਰਾਮਦ-ਦਰਾਮਦ ਕਰਨ ਵਾਲਾ ਜਿਹੜਾ ਕੋਡ ਹੈ ਉਹ ਪ੍ਰਭਜੋਤ ਸਿੰਘ ਦੇ ਨਾਂ ਉਤੇ ਹੈ ਤੇ ਇਸ ਨੂੰ ਪੰਜਾਬ ਭੇਜਿਆ ਜਾਣਾ ਸੀ। ਨਸ਼ੀਲਾ ਪਦਾਰਥ ਫੜੇ ਜਾਣ ਤੋਂ ਬਾਅਦ ਪ੍ਰਭਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸੇ ਦੌਰਾਨ ਦਿੱਲੀ ਹਵਾਈ ਅੱਡੇ ਦੇ ਨਵੇਂ ਕੋਰੀਅਰ ਟਰਮੀਨਲ ’ਤੇ ਕਸਟਮ ਅਧਿਕਾਰੀਆਂ ਨੇ ਚੂੜੀਆਂ ਵਿਚ ਲੁਕੋਈ 7.5 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਕਸਟਮ ਵਿਭਾਗ ਨੂੰ ਇਸ ਬਾਰੇ ਖ਼ੁਫੀਆ ਜਾਣਕਾਰੀ ਮਿਲੀ ਸੀ ਤੇ ਉਨ੍ਹਾਂ ਇਕ ਕੋਰੀਅਰ ਬਰਾਮਦ ਕੀਤਾ ਜਿਸ ਵਿਚ 1.2 ਕਿਲੋਗ੍ਰਾਮ ਹੈਰੋਇਨ ਸੀ।
ਇਸ ਨੂੰ 78 ਚੂੜੀਆਂ ਵਿਚ ਲੁਕੋਇਆ ਗਿਆ ਸੀ। ਕੋਰੀਅਰ ਅਫ਼ਰੀਕੀ ਮੁਲਕ ਤੋਂ ਭੇਜਿਆ ਗਿਆ ਸੀ ਤੇ ਇਸ ’ਤੇ ਗੁੜਗਾਓਂ ਦਾ ਇਕ ਪਤਾ ਹੈ ਜੋ ਕਿ ਪੜਤਾਲ ਕਰਨ ’ਤੇ ਗਲਤ ਨਿਕਲਿਆ ਹੈ। ਹੈਰੋਇਨ ਜ਼ਬਤ ਕਰ ਲਈ ਗਈ ਹੈ ਤੇ ਜਲਦੀ ਹੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। -ਪੀਟੀਆਈ