ਨਵੀਂ ਦਿੱਲੀ, 14 ਜੂਨ
ਡੀਆਰਡੀਓ ਮੁਖੀ ਸੀ. ਸਤੀਸ਼ ਰੈੱਡੀ ਨੇ ਕਿਹਾ ਹੈ ਕਿ ‘ਪੀਐਮ ਕੇਅਰਜ਼’ ਫੰਡ ਵਿਚੋਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 850 ਆਕਸੀਜਨ ਪਲਾਂਟ ਲਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਵਿਚ ਮੈਡੀਕਲ ਆਕਸੀਜਨ ਦੀ ਕਮੀ ਵੱਡੇ ਪੱਧਰ ਉਤੇ ਮਹਿਸੂਸ ਕੀਤੀ ਗਈ ਸੀ। ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਵੱਧ ਤੋਂ ਵੱਧ ਮਦਦ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਡੀਆਰਡੀਓ ਨੇ ਕਈ ਸ਼ਹਿਰਾਂ ਵਿਚ ਆਰਜ਼ੀ ਹਸਪਤਾਲ ਤਿਆਰ ਕੀਤੇ ਹਨ। ਇਨ੍ਹਾਂ ਨੂੰ ‘ਫਲਾਇੰਗ ਹਸਪਤਾਲ’ ਦਾ ਨਾਂ ਦਿੱਤਾ ਗਿਆ ਹੈ। ਰੈੱਡੀ ਨੇ ਕਿਹਾ ਕਿ ਤੀਜੀ ਲਹਿਰ ਆਉਣ ’ਤੇ ਸਰਕਾਰ ਵੱਖ-ਵੱਖ ਹਿੱਤਧਾਰਕਾਂ ਨਾਲ ਸਾਰੇ ਪੱਖਾਂ ਨੂੰ ਵਿਚਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਠਨ ਲੋਕਾਂ ਦੇ ਭਲੇ ਲਈ ਘੱਟ ਕੀਮਤ ਵਾਲੀ ਪਰ ਉੱਚ ਗੁਣਵੱਤਾ ਵਾਲੀ ਤਕਨੀਕ ਵਿਕਸਿਤ ਕਰਨ ਉਤੇ ਧਿਆਨ ਕੇਂਦਰਿਤ ਕਰ ਰਿਹਾ ਹੈ। -ਪੀਟੀਆਈ