ਗਾਜ਼ੀਆਬਾਦ, 5 ਜੁਲਾਈ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਮੋਮਬੱਤੀ ਕਾਰਖਾਨੇ ਵਿੱਚ ਅੱਜ ਦੁਪਹਿਰੇ ਭਿਆਨਕ ਅੱਗ ਲੱਗਣ ਕਾਰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮਿ੍ਤਕਾਂ ਵਿੱਚ ਛੇ ਔਰਤਾਂ ਅਤੇ 16 ਸਾਲ ਦਾ ਇਕ ਲੜਕਾ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਨਗਰ ਦੇ ਬਖਰਵਾ ਪਿੰਡ ਵਿੱਚ ਸਥਿਤ ਕਾਰਖਾਨੇ ਵਿੱਚ ਬਾਅਦ ਦੁਪਹਿਰੇ ਅੱਗ ਲੱਗੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ। ਇਸ ਕਾਰਖਾਨੇ ਵਿੱਚ ਭਾਰੀ ਮਾਤਰਾ ਵਿਚ ਜਲਣਸ਼ੀਲ ਪਦਾਰਥ ਦਾ ਸਟਾਕ ਸੀ ਜਿਸ ਕਾਰਨ ਅੱਗ ਤੇਜ਼ੀ ਨਾਲ ਭੜਕੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦਾ ਨੋਟਿਸ ਲੈਂਦਿਆਂ ਜ਼ਿਲ੍ਹੇ ਦੇ ਡੀਐਮ ਐਜ ਸ਼ੰਕਰ ਪਾਂਡੇ ਅਤੇ ਐਸਐਸਪੀ ਕਲਾਨਿਧੀ ਨਥਾਨੀ ਨੂੰ ਤੁਰਤ ਮੌਕੇ ’ਤੇ ਪੁੱਜਣ ਦਾ ਹੁਕਮ ਦਿੱਤਾ। ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਇਲਾਕੇ ਦੀ ਪੁਲੀਸ ਚੌਕੀ ਦੇ ਇੰਚਾਰਜ ਨੂੰ ਕਥਿਤ ਤੌਰ ’ਤੇ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਖਾਨੇ ਵਿੱਚ ਜਨਮਦਿਨ ਦੌਰਾਨ ਇਸਤੇਮਾਲ ਹੋਣ ਵਾਲੀ ਮੋਮਬੱਤੀ ਬਣਾਈ ਜਾਂਦੀ ਸੀ। ਇਸ ਵਿੱਚ ਵਰਤੇ ਜਾਣ ਵਾਲੇ ਧਮਾਕਾਖੇਜ਼ ਪਦਾਰਥ ਦੇ ਅੱਗ ਫੜਨ ਕਾਰਨ ਇਹ ਹਾਦਸਾ ਵਾਪਰਿਆ। ਪ੍ਰਸ਼ਾਸਨ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ।