ਹੈਦਰਾਬਾਦ, 13 ਸਤੰਬਰ
ਇਥੇ ਸਿਕੰਦਰਾਬਾਦ ਇਲਾਕੇ ਵਿੱਚ ਬੀਤੀ ਦੇਰ ਰਾਤ ਹੋਟਲ ਰੂਬੀ ਪ੍ਰਾਈਡ ਨੂੰ ਲੱਗੀ ਅੱਗ ਵਿੱਚ ਇਕ ਮਹਿਲਾ ਸਣੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਅੱਗ ਇਲੈਕਟ੍ਰਿਕ ਬਾਈਕ ਸ਼ੋਅਰੂਮ ਨੂੰ ਲੱਗੀ ਸੀ, ਜਿਸ ਨੇ ਉਪਰਲੀ ਮੰਜ਼ਿਲ ’ਤੇ ਬਣੇ ਹੋਟਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਸੱਤ ਹੋਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਬਹੁਤੇ ਪੀੜਤਾਂ ਦੀ ਮੌਤ ਦਮ ਘੁੱਟਣ ਕਰਕੇ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿਲੰਗਾਨਾ ਸਰਕਾਰ ਨੇ ਹਾਦਸੇ ਵਿਚ ਗਈਆਂ ਮੌਤਾਂ ’ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕ੍ਰਮਵਾਰ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੌਕੇ ’ਤੇ ਪੁੱਜੇ ਹੈਦਰਾਬਾਦ ਦੇ ਪੁਲੀਸ ਕਮਿਸ਼ਨਰ ਸੀ.ਵੀ.ਆਨੰਦ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਹੋਟਲ ਦੀਆਂ ਚਾਰ ਮੰਜ਼ਿਲਾਂ ’ਤੇ 23 ਕਮਰੇ ਹਨ। ਅੱਗ ਕਰਕੇ ਧੂੰਆਂ ਪੌੜੀਆਂ ਤੋਂ ਹੁੰਦਾ ਹੋਇਆ ਸਿਖਰਲੀ ਮੰਜ਼ਿਲ ਤੱਕ ਪੁੱਜ ਗਿਆ ਤੇ ਇਸ ਨੇ ਪੂਰੇ ਹੋਟਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।’’ ਉਨ੍ਹਾਂ ਕਿਹਾ, ‘‘ਪਹਿਲੀ ਤੇ ਦੂਜੀ ਮੰਜ਼ਿਲ ’ਤੇ ਕਮਰਿਆਂ ਵਿੱਚ ਸੁੱਤੇ ਪਏ ਲੋਕ ਗਲਿਆਰੇ ਵਿੱਚ ਆ ਗਏ ਤੇ ਸੰਘਣੇ ਧੂੰਏਂ ਕਰਕੇ ਸਾਹ ਘੁੱਟਣ ਨਾਲ ਦਮ ਤੋੜ ਗਏ।’’ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਫਾਇਰ ਵਿਭਾਗ ਦੀ ਜਾਂਚ ਤੋਂ ਪਤਾ ਲੱਗੇਗਾ। ਇਹ ਤਹਿਖਾਨੇ ਜਾਂ ਪਹਿਲੀ ਮੰਜ਼ਿਲ ’ਤੇ ਚਾਰਜਿੰਗ ਲਈ ਰੱਖੀਆਂ ਬੈਟਰੀਆਂ ਜਾਂ ਸ਼ਾਰਟ ਸਰਕਟ ਵੀ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਤਹਿਖਾਨੇ ਨੂੰ ਆਮ ਕਰਕੇ ਪਾਰਕਿੰਗ ਲਈ ਵਰਤਿਆ ਜਾਂਦਾ ਹੈ, ਪਰ ਸ਼ਾਇਦ ਇਸ ਦੀ ਕਿਸੇ ਹੋਰ ਕੰਮ ਲਈ ਵਰਤੋਂ ਕੀਤੀ ਜਾ ਰਹੀ ਸੀ, ਜੋ ਜਾਂਚ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ ਪੀੜਤਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੇਸੀਆਰ ਦੇ ਪੁੱਤਰ ਤੇ ਤਿਲੰਗਾਨਾ ਸਰਕਾਰ ’ਚ ਮੰਤਰੀ ਕੇ.ਟੀ.ਰਾਮਾ ਰਾਓ ਨੇ ਕਿਹਾ ਕਿ ਪੀੜਤਾਂ ਦੇ ਵਾਰਸਾਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ੇ ਦਿੱਤਾ ਜਾਵੇਗਾ। -ਪੀਟੀਆਈ