ਸ੍ਰੀਨਗਰ, 6 ਜਨਵਰੀ
ਜੰਮੂ ਕਸ਼ਮੀਰ ਸਰਕਾਰ ਨੇ ਸੈਰ-ਸਪਾਟੇ ਵਾਲੀਆਂ ਥਾਵਾਂ ਗੁਲਮਰਗ ਤੇ ਸੋਨਮਰਗ ’ਚ 70 ਹੈਕਟੇਅਰ ਜ਼ਮੀਨ ‘ਰਣਨੀਤਕ ਇਲਾਕਾ’ ਐਲਾਨ ਦਿੱਤੀ ਤੇ ਇਸ ਨਾਲ ਫੌਜ ਨੂੰ ਇਸ ਇਲਾਕੇ ਦਾ ਕਬਜ਼ਾ ਲੈਣ ਲਈ ਰਾਹ ਪੱਧਰਾ ਹੋ ਗਿਆ ਹੈ।
ਦੂਜੇ ਪਾਸੇ ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੈਰ-ਸਪਾਟੇ ਵਾਲੀ ਥਾਂ ਦਾ ਇੰਨਾ ਵੱਡਾ ਹਿੱਸਾ ਫੌਜੀ ਦਸਤਿਆਂ ਨੂੰ ਅਲਾਟ ਕਰਨ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਨੂੰ ਫੌਜ ਦਾ ਗੜ੍ਹ ਬਣਾਉਣਾ ਚਾਹੁੰਦੀ ਹੈ। ਜੰਮੂ ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਨੇ 31 ਦਸੰਬਰ 2021 ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।
ਨੋਟੀਫਿਕੇਸ਼ਨ ਅਨੁਸਾਰ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ’ਚ 354 ਕਨਾਲ (18 ਹੈਕਟੇਅਰ) ਅਤੇ ਬਾਰਾਮੁੱਲਾ ਜ਼ਿਲ੍ਹੇ ਦੇ ਗੁਲਮਰਗ ’ਚ 1034 ਕਨਾਲ (52 ਹੈਕਟੇਅਰ) ਜ਼ਮੀਨ ਫੌਜੀ ਦਸਤਿਆਂ ਦੇ ਵਰਤਣ ਲਈ ਰਣਨੀਤਕ ਇਲਾਕਾ ਐਲਾਨੀ ਗਈ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਜ਼ਮੀਨ ਦੇ ਨਾਂ ’ਤੇ ਉਨ੍ਹਾਂ ਦੀ ਜ਼ਮੀਨ ਹੜੱਪੀ ਜਾ ਰਹੀ ਹੈ ਅਤੇ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚੋਂ ਕੱਢ ਕੇ ਬੇਇੱਜ਼ਤ ਕੀਤਾ ਜਾ ਰਿਹਾ ਹੈ। -ਪੀਟੀਆਈ