ਨਵੀਂ ਦਿੱਲੀ, 17 ਜੂਨ
ਪੁਲੀਸ ਨੇ ਛੇ ਦਿਨ ਦਾ ਬੱਚਾ ਵੇਚਣ ਦੇ ਦੋਸ਼ ਹੇਠ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜੋੜੇ ਨੇ ਅਗਵਾ ਦੀ ਕਹਾਣੀ ਗੜ੍ਹ ਕੇ ਪੁਲੀਸ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਬੱਚੇ ਦਾ ਜਨਮ ਗੁਰੂਗ੍ਰਾਮ ਦੇ ਨਾਰਾਇਣ ਹਸਪਤਾਲ ’ਚ 8 ਜੂਨ ਨੂੰ ਹੋਇਆ ਸੀ ਪਰ ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਵੇਚ-ਵੱਟ ਦਾ ਸੌਦਾ ਤੈਅ ਹੋ ਗਿਆ ਸੀ। ਪੂਜਾ ਦੇਵੀ ਅਤੇ ਗੋਵਿੰਦ ਕੁਮਾਰ ਨੇ ਆਪਣੇ ਬੱਚੇ ਨੂੰ ਮਧੂਬਨੀ (ਬਿਹਾਰ) ਦੇ ਵਿਦਿਆਨੰਦ ਯਾਦਵ ਅਤੇ ਰਾਮਪਰੀ ਯਾਦਵ ਨੂੰ 3.60 ਲੱਖ ਰੁਪਏ ’ਚ ਵੇਚਣ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਵਿਦਿਆਨੰਦ ਨੇ ਆਪਣੇ ਰਿਸ਼ਤੇਦਾਰਾਂ ਰਮਨ ਕੁਮਾਰ ਯਾਦਵ ਅਤੇ ਦੋਸਤ ਹਰੀਪਾਲ ਸਿੰਘ ਦੀ ਸਹਾਇਤਾ ਨਾਲ ਗੋਵਿੰਦ ਨਾਲ ਸੰਪਰਕ ਕੀਤਾ ਸੀ। ਦੋਵੇਂ ਜੋੜਿਆਂ ਅਤੇ ਵਿਚੋਲਿਆਂ ਨੂੰ ਗ੍ਰਿਫ਼ਤਾਰ ਕਰਕੇ ਬੱਚੇ ਨੂੰ ਬਚਾ ਲਿਆ ਗਿਆ ਹੈ। ਬਾਲ ਕਲਿਆਣ ਕਮੇਟੀ ਬੱਚੇ ਦੀ ਸਪੁਰਦਗੀ ਬਾਰੇ ਫ਼ੈਸਲਾ ਲਵੇਗੀ। ਗੋਵਿੰਦ ਅਤੇ ਉਸ ਦੀ ਪਤਨੀ ਤੋਂ ਬੱਚਾ ਲੈਣ ਲਈ ਵਿਦਿਆਨੰਦ ਨੇ ਆਪਣੀ ਜ਼ਮੀਨ ਵੇਚੀ ਸੀ। ਬੱਚੇ ਦੇ ਜਨਮ ਤੋਂ ਪਹਿਲਾਂ ਵਿਦਿਆਨੰਦ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਮੁੰਡਾ ਹੋਵੇਗਾ ਤਾਂ ਹੀ ਸੌਦਾ ਕਾਇਮ ਰਹੇਗਾ। ਬੱਚੇ ਦੇ ਜਨਮ ਮਗਰੋਂ ਮਾਪਿਆਂ ਨੂੰ ਚੈੱਕ ਦੇ ਰੂਪ ’ਚ ਅਦਾਇਗੀ ਕੀਤੀ ਗਈ ਪਰ ਗੋਵਿੰਦ ਪੈਸੇ ਨਹੀਂ ਕੱਢਵਾ ਸਕਿਆ। ਇਸ ਮਗਰੋਂ ਉਸ ਨੇ ਰਮਨ ਅਤੇ ਹਰੀਪਾਲ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨੰਬਰ ਬੰਦ ਸੀ। ਗੋਵਿੰਦ ਨੇ ਬੱਚਾ ਅਗਵਾ ਹੋਣ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ ਤਾਂ ਸਾਰਾ ਭਾਂਡਾ ਭੰਨ੍ਹਿਆ ਗਿਆ। ਗੋਵਿੰਦ ਅਤੇ ਪੂਜਾ ਦਾ ਪਹਿਲਾਂ ਪੰਜ ਸਾਲ ਦਾ ਲੜਕਾ ਹੈ ਜੋ ਬਿਹਾਰ ’ਚ ਉਨ੍ਹਾਂ ਦੇ ਜੱਦੀ ਪਿੰਡ ’ਚ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਹੈ। -ਪੀਟੀਆਈ