ਨਵੀਂ ਦਿੱਲੀ, 6 ਜੂਨ
ਸਨਅਤੀ ਸੰਸਥਾ ਸੀਓਏਆਈ- (‘ਦਿ ਸੈਲੂਲਰ ਅਪਰੇਟਰ’ਜ਼ ਐਸੋਸੀਏਸ਼ਨ ਆਫ਼ ਇੰਡੀਆ) ਨੇ ਕਿਹਾ ਹੈ ਕਿ ਸਿਹਤ ’ਤੇ 5ਜੀ ਤਕਨਾਲੋਜੀ ਦੇ ਮਾੜੇ ਪ੍ਰਭਾਵ ਬਾਰੇ ਕਿਸੇ ਵੀ ਤਰ੍ਹਾਂ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਸਮੇਂ ਉਪਲੱਬਧ ਸਾਰੇ ਸਬੂਤ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਅਗਲੀ ਪੀੜ੍ਹੀ ਦੀ ਇਹ ਤਕਨਾਲੋਜੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸੰਸਥਾ ਨੇ ਕਿਹਾ ਕਿ 5ਜੀ ਤਕਨਾਲੋਜੀ ਮੀਲ ਦਾ ਪੱਥਰ ਸਾਬਿਤ ਹੋਵੇਗੀ ਤੇ ਇਸ ਨਾਲ ਮੁਲਕ ਦੀ ਆਰਥਿਕਤਾ ਤੇ ਸਮਾਜ ਨੂੰ ਕਾਫ਼ੀ ਫਾਇਦਾ ਪੁੱਜੇਗਾ। ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਜਿਹੀਆਂ ਵੱਡੀਆਂ ਕੰਪਨੀਆਂ ਦੀ ਪ੍ਰਤੀਨਿਧੀ ਸੰਸਥਾ ਨੇ ਤਰਕ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਪਹਿਲਾਂ ਹੀ ਕਾਫ਼ੀ ਸਖ਼ਤ ਨੇਮ ਹਨ ਅਤੇ ਇੱਥੇ ਟੈਲੀਕੌਮ ਸੈਕਟਰ ਵਿੱਚ ਇਲੈਕਟਰੋਮੈਗਨੈਟਿਕ ਰੇਡੀਏਸ਼ਨ ਦੀ ਸੀਮਾ ਸਬੰਧੀ ਨਿਰਧਾਰਤ ਪੈਮਾਨੇ, ਆਲਮੀ ਪੱਧਰ ’ਤੇ ਨਿਰਧਾਰਤ ਪੈਮਾਨਿਆਂ ਨਾਲੋਂ ਕਿਤੇ ਵੱਧ ਸਖਤ ਹਨ। ਸੀਓਏਆਈ ਦੇ ਡਾਇਰੈਕਟਰ ਜਨਰਲ ਐੱਸ ਪੀ ਕੋਛੜ ਨੇ ਕਿਹਾ,‘ਭਾਰਤ ਵਿੱਚ ਮਨਜ਼ੂਰਸ਼ੁਦਾ ਰੇਡੀਏਸ਼ਨ ਆਲਮੀ ਪੱਧਰ ’ਤੇ ਨਿਰਧਾਰਤ ਰੇਡੀਏਸ਼ਨ ਦਾ 1/10 ਹਿੱਸਾ ਹੈ, ਇਸ ਲਈ ਅਸੀਂ ਪਹਿਲਾਂ ਹੀ ਇਸ ਗੱਲ ਦਾ ਧਿਆਨ ਰੱਖਿਆ ਹੈ… ਰੇਡੀਏਸ਼ਨ ਤੇ ਇਸ ਦੇ ਪ੍ਰਭਾਵ ਸਬੰਧੀ ਕਿਸੇ ਵੀ ਤਰ੍ਹਾਂ ਦੀ ਧਾਰਨਾ ਜਾਂ ਚਿੰਤਾ ਗਲਤ ਹੈ। ਇਹ ਡਰ ਬੇਬੁਨਿਆਦ ਹਨ ਤੇ ਜਦੋਂ ਵੀ ਨਵੀਂ ਤਕਨਾਲੋਜੀ ਆਉਂਦੀ ਹੈ ਤਾਂ ਹਮੇਸ਼ਾ ਇੰਜ ਹੀ ਵਾਪਰਦਾ ਹੈ।’
ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਜੂਹੀ ਚਾਵਲਾ ਵੱਲੋਂ ਮੁਲਕ ਵਿੱਚ 5ਜੀ ਵਾਇਰਲੈੱਸ ਨੈੱਟਵਰਕਾਂ ਦੀ ਸਥਾਪਤੀ ਨੂੰ ਚੁਣੌਤੀ ਦਿੰਦੇ ਕੇਸ ਨੂੰ ਰੱਦ ਕਰਦਿਆਂ ਉਨ੍ਹਾਂ ਤੇ ਸਹਿ-ਅਪੀਲਕਰਤਾਵਾਂ ਨੂੰ 20 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ। ਅਦਾਲਤ ਨੇ ਇਸ ਅਪੀਲ ਨੂੰ ਖਰਾਬ, ਕਾਨੂੰਨੀ ਪ੍ਰਕਿਰਿਆ ਦਾ ਅਪਮਾਨ ਤੇ ਲੋਕਪ੍ਰਿਯਤਾ ਹਾਸਲ ਕਰਨ ਲਈ ਦਾਇਰ ਕੀਤੀ ਦੱਸਿਆ ਸੀ। ਸ੍ਰੀ ਕੋਛੜ ਨੇ ਅਦਾਲਤ ਦੇ ਫ਼ੈਸਲੇ ਦਾ ਸੁਆਗਤ ਕੀਤਾ ਸੀ। -ਪੀਟੀਆਈ