ਨਵੀਂ ਦਿੱਲੀ, 1 ਅਗਸਤ
ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਸਪੈਕਟ੍ਰਮ ਦੀ ਨਿਲਾਮੀ ਦੌਰਾਨ ਬੋਲੀਆਂ ਤੋਂ ਸਰਕਾਰ ਨੂੰ ਰਿਕਾਰਡ 1.5 ਲੱਖ ਕਰੋੜ ਰੁਪਏ ਮਿਲੇ ਹਨ। ਅਰਬਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ 88,078 ਕਰੋੜ ਰੁਪਏ ਦੀ ਬੋਲੀ ਨਾਲ ਕਰੀਬ ਅੱਧੀਆਂ ਏਅਰਵੇਵਜ਼ ਖ਼ਰੀਦ ਲਈਆਂ ਹਨ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੇ ਗਰੁੱਪ ਨੇ 400 ਮੈਗਾਹਰਟਜ਼ ਲਈ 212 ਕਰੋੜ ਰੁਪਏ ਅਦਾ ਕੀਤੇ ਜਾਂ ਸਾਰੇ ਵਿਕੇ ਸਪੈਕਟ੍ਰਮ ਦੇ ਇਕ ਫ਼ੀਸਦੀ ਤੋਂ ਵੀ ਘੱਟ ’ਚ ਸੌਦਾ ਖਰਾ ਕੀਤਾ ਹੈ। ਉਂਜ ਇਹ ਬੈਂਡ ਜਨਤਕ ਟੈਲੀਫੋਨ ਸੇਵਾਵਾਂ ਲਈ ਨਹੀਂ ਵਰਤਿਆ ਜਾਵੇਗਾ। ਇਕ ਹੋਰ ਟੈਲੀਕਾਮ ਦਿੱਗਜ ਸੁਨੀਲ ਭਾਰਤੀ ਮਿੱਤਲ ਦੀ ਕੰਪਨੀ ਭਾਰਤੀ ਏਅਰਟੈੱਲ ਨੇ 43,084 ਕਰੋੜ ਰੁਪਏ ਦੀ ਸਫ਼ਲ ਬੋਲੀ ਲਗਾਈ ਹੈ ਜਦਕਿ ਵੋਡਾਫੋਨ ਆਇਡੀਆ ਲਿਮਟਿਡ ਨੇ 18,799 ਕਰੋੜ ਰੁਪਏ ਦਾ ਸਪੈਕਟ੍ਰਮ ਖ਼ਰੀਦਿਆ ਹੈ। ਟੈਲੀਕਾਮ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 10 ਬੈਂਡਜ਼ ਦੇ 72,098 ਮੈਗਾਹਰਟਜ਼ ’ਚੋਂ 51,236 ਮੈਗਾਹਰਟਜ਼ ਜਾਂ 71 ਫ਼ੀਸਦੀ ਦੀ ਵਿਕਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 1,50,173 ਕਰੋੜ ਰੁਪਏ ਮੁੱਲ ਦੀਆਂ ਕੁੱਲ ਬੋਲੀਆਂ ਮਿਲੀਆਂ ਸਨ ਅਤੇ ਸਰਕਾਰ ਨੂੰ ਪਹਿਲੇ ਸਾਲ ’ਚ 13,365 ਕਰੋੜ ਰੁਪਏ ਮਿਲਣਗੇ। ਉਨ੍ਹਾਂ ਦੱਸਿਆ,‘‘ਸਿਰਫ਼ 1800 ਮੈਗਾਹਰਟਜ਼ ਬੈਂਡ, ਜਿਸ ਲਈ ਜੀਓ ਅਤੇ ਏਅਰਟੈੱਲ ’ਚ ਸਖ਼ਤ ਮੁਕਾਬਲਾ ਹੈ, ਨੂੰ ਛੱਡ ਕੇ ਸਾਰੇ ਬੈਂਡਜ਼ ’ਚ ਸਪੈਕਟ੍ਰਮ ਰਾਖਵੀਂ ਕੀਮਤ ’ਤੇ ਵਿਕੇ ਹਨ।’’ 5ਜੀ ਸਪੈਕਟ੍ਰਮ ਨਾਲ ਮੋਬਾਈਲ ਇੰਟਰਨੈੱਟ ਦੀ ਰਫ਼ਤਾਰ ਕਈ ਗੁਣਾਂ ਵਧ ਜਾਵੇਗੀ ਅਤੇ ਹੋਰ ਸਹੂਲਤਾਂ ਮਿਲਣਗੀਆਂ। ਪਿਛਲੇ ਸਾਲ 77,815 ਕਰੋੜ ਰੁਪਏ ਮੁੱਲ ਦੇ 4ਜੀ ਏਅਰਵੇਵਜ਼ ਦੀ ਵਿਕਰੀ ਹੋਈ ਸੀ ਜਦਕਿ 2010 ’ਚ 3ਜੀ ਦੀ ਨਿਲਾਮੀ ਦੌਰਾਨ 50,968.37 ਕਰੋੜ ਰੁਪਏ ਮਿਲੇ ਸਨ। ਸਪੈਕਟ੍ਰਮ ਨਿਲਾਮੀ ਦੌਰਾਨ ਰਿਲਾਇੰਸ ਜੀਓ ਸਭ ਤੋਂ ਵੱਡਾ ਬੋਲੀਕਾਰ ਰਿਹਾ ਜਿਸ ਨੇ ਪੰਜ ਬੈਂਡਜ਼ ’ਚ 24,740 ਮੈਗਾਹਰਟਜ਼ ਲਈ 88,078 ਕਰੋੜ ਰੁਪਏ ਅਦਾ ਕੀਤੇ। ਕੰਪਨੀ ਨੇ 700 ਮੈਗਾਹਰਟਜ਼ ਸਪੈਕਟ੍ਰਮ ਹਾਸਲ ਕੀਤਾ ਹੈ ਜੋ ਇਕ ਟਾਵਰ ਨਾਲ 6 ਤੋਂ 10 ਕਿਲੋਮੀਟਰ ਤੱਕ ਸਿਗਨਲ ਰੇਂਜ ਪ੍ਰਦਾਨ ਕਰ ਸਕਦਾ ਹੈ ਅਤੇ ਇਹ ਦੇਸ਼ ਦੇ ਸਾਰੇ 22 ਸਰਕਲਾਂ ਜਾਂ ਜ਼ੋਨਾਂ ’ਚ 5ਜੀ ਸੇਵਾਵਾਂ ਦਾ ਚੰਗਾ ਆਧਾਰ ਬਣੇਗਾ।
ਅਡਾਨੀ ਗਰੁੱਪ ਨੇ ਛੇ ਸੂਬਿਆਂ ਗੁਜਰਾਤ, ਮੁੰਬਈ, ਕਰਨਾਟਕ, ਤਾਮਿਲ ਨਾਡੂ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ’ਚ 26 ਗੀਗਾਹਰਟਜ਼ ਬੈਂਡ ’ਚ ਸਪੈਕਟ੍ਰਮ ਖ਼ਰੀਦਿਆ ਹੈ। ਏਅਰਟੈੱਲ ਨੇ ਪੰਜ ਬੈਂਡਜ਼ ’ਚ 19,867.8 ਮੈਗਾਹਰਟਜ਼ ਸਪੈਕਟਰਮ ਖ਼ਰੀਦਿਆ ਹੈ ਜਦਕਿ ਵੋਡਾਫੋਨ ਆਇਡੀਆ ਨੇ ਏਅਰਵੇਵਜ਼ ਦਾ 6228 ਮੈਗਾਹਰਟਜ਼ ਹਾਸਲ ਕੀਤਾ ਹੈ। ਸ੍ਰੀ ਵੈਸ਼ਨਵ ਨੇ ਕਿਹਾ ਕਿ ਪਹਿਲੀ ਵਾਰ ਪੇਸ਼ ਕੀਤੇ ਗਏ 600 ਮੈਗਾਹਰਟਜ਼ ਬੈਂਡ ’ਚ ਕਿਸੇ ਨੇ ਵੀ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਆਉਂਦੇ 2-3 ਸਾਲਾਂ ’ਚ ਪੂਰਾ ਮੁਲਕ 5ਜੀ ਸੇਵਾਵਾਂ ਨਾਲ ਲੈਸ ਹੋ ਜਾਵੇਗਾ ਅਤੇ ਇਹ ਸੇਵਾਵਾਂ ਅਕਤੂਬਰ ਤੋਂ ਮਿਲਣੀਆਂ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਆਸ ਜਤਾਈ ਕਿ ਸਪੈਕਟਰਮ ਦੀ ਬਿਹਤਰ ਉਪਲੱਬਧਤਾ ਨਾਲ ਕਾਲ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ। -ਪੀਟੀਆਈ
ਕੰਪਨੀਆਂ ਨੇ ਵਧੀਆ ਸੇਵਾਵਾਂ ਦੇਣ ਦਾ ਲਿਆ ਅਹਿਦ
ਰਿਲਾਇੰਸ ਜੀਓ ਇੰਫੋਕਾਮ ਦੇ ਚੇਅਰਮੈਨ ਆਕਾਸ਼ ਐੱਮ ਅੰਬਾਨੀ ਨੇ ਕਿਹਾ ਕਿ ਜੀਓ ਦੀਆਂ 4ਜੀ ਸੇਵਾਵਾਂ ਦਾ ਦੁਨੀਆ ’ਚ ਕਿਤੇ ਵੀ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ 5ਜੀ ਯੁੱਗ ’ਚ ਵੀ ਜੀਓ ਵੱਡੀਆਂ ਖਾਹਸ਼ਾਂ ਅਤੇ ਪੂਰੀ ਵਚਨਬੱਧਤਾ ਨਾਲ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਕੰਪਨੀ 5ਜੀ ਸੇਵਾਵਾਂ ਲਾਂਚ ਕਰਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਮਨਾਏਗੀ। ਭਾਰਤੀ ਏਅਰਟੈੱਲ ਦੇ ਐੱਮਡੀ ਅਤੇ ਸੀਈਓ ਗੋਪਾਲ ਵਿੱਟਲ ਨੇ ਕਿਹਾ ਕਿ ਉਹ ਘੱਟ ਕੀਮਤ ’ਤੇ ਵਧੀਆ ਸਪੈਕਟਰਮ ਖ਼ਰੀਦਣਾ ਚਾਹੁੰਦੇ ਸਨ ਅਤੇ ਕੰਪਨੀ ਨੇ ਰਣਨੀਤੀ ਬਣਾ ਕੇ ਇਹ ਟੀਚਾ ਵੀ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਵਰੇਜ ਅਤੇ ਸਪੀਡ ਦੇ ਮਾਮਲੇ ’ਚ ਉਹ ਬਿਹਤਰੀਨ 5ਜੀ ਸੇਵਾਵਾਂ ਦੇਣਗੇ। ਵੋਡਾਫੋਨ ਆਇਡੀਆ ਨੇ ਕਿਹਾ ਕਿ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਪੰਜਾਬ ਦੇ ਤਿੰਨ ਸਰਕਲਾਂ ’ਚ ਵਾਧੂ 4ਜੀ ਸਪੈਕਟਰਮ ਹਾਸਲ ਕਰਨ ਨਾਲ ਸੇਵਾਵਾਂ ’ਚ ਹੋਰ ਸੁਧਾਰ ਨਜ਼ਰ ਆਵੇਗਾ। -ਪੀਟੀਆਈ