ਨਵੀਂ ਦਿੱਲੀ, 8 ਅਗਸਤ
ਦੂਰਸੰਚਾਰ ਰਾਜ ਮੰਤਰੀ ਦੇਵੂਸਿੰਘ ਚੌਹਾਨ ਨੇ ਅੱਜ ਕਿਹਾ ਕਿ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਤੇਜ਼ ਗਤੀ ਵਾਲੀਆਂ 5ਜੀ ਸੇਵਾਵਾਂ ਲਗਪਗ ਇੱਕ ਮਹੀਨੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਹ ਇੱਥੇ ਇੱਕ ਪ੍ਰੋਗਰਾਮ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਚੌਹਾਨ ਨੇ ਕਿਹਾ ਕਿ ਭਾਰਤ ਇਸ ਸਾਲ ਦੇ ਅਖ਼ੀਰ ਤੱਕ 5ਜੀ ਸੇਵਾਵਾਂ ਲਈ ਦੇਸ਼ ਵਿੱਚ ਵਿਕਸਤ ਤਕਨਾਲੋਜੀ ਸਥਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘ਲਗਪਗ ਇੱਕ ਮਹੀਨੇ ਦੌਰਾਨ ਦੇਸ਼ ਵਿੱਚ 5ਜੀ ਮੋਬਾਈਲ ਸੇਵਾਵਾਂ ਸ਼ੁਰੂ ਹੋ ਜਾਣਗੀਆਂ, ਜਿਸ ਦਾ ਸਾਰੇ ਖੇਤਰਾਂ ਦੇ ਵਿਕਾਸ ’ਤੇ ਬਹੁ-ਪੱਖੀ ਪ੍ਰਭਾਵ ਪਵੇਗਾ।’’ ਉਨ੍ਹਾਂ ਕਿਹਾ ਕਿ 6ਜੀ ਟੈਕਨੋਲੋਜੀ ਇਨੋਵੇਸ਼ਨਜ਼ ਗਰੁੱਪ ਵੀ ਬਣਾਇਆ ਗਿਆ ਹੈ, ਜੋ ਦੇਸ਼ ਵਿੱਚ 6ਜੀ ਸੇਵਾਵਾਂ ਦੇ ਵਿਕਾਸ ’ਤੇ ਕੰਮ ਕਰ ਰਿਹਾ ਹੈ। -ਪੀਟੀਆਈ
ਜੀਓ 1000 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਲਈ ਤਿਆਰ
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਜੀਓ ਨੇ 1000 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ ਆਪਣੇ ਦੇਸ਼ ਵਿੱਚ ਬਣੇ 5ਜੀ ਦੂਰਸੰਚਾਰ ਉਪਕਰਨਾਂ ਦਾ ਪ੍ਰੀਖਣ ਵੀ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਉਸ ਦੀ ਇਕਾਈ ਜੀਓ ਨੇ ਵਿੱਤੀ ਸਾਲ 2021-22 ਦੌਰਾਨ 100 ਫ਼ੀਸਦੀ ਦੇਸ਼ ਵਿੱਚ ਬਣੀ ਆਪਣੀ ਤਕਨਾਲੋਜੀ ਨਾਲ 5ਜੀ ਸੇਵਾਵਾਂ ਲਈ ਖੁਦ ਨੂੰ ਤਿਆਰ ਕਰਨ ਦੀ ਦਿਸ਼ਾ ਵਿੱਚ ਕਦਮ ਪੁੱਟੇ ਹਨ। -ਪੀਟੀਆਈ