ਨਵੀਂ ਦਿੱਲੀ: ਇੰਡੀਗੋ ਦੀਆਂ ਘਰੇਲੂ ਉਡਾਣਾਂ ’ਚੋਂ 55 ਫੀਸਦ ਅੱਜ ਦੇਰੀ ਨਾਲ ਚੱਲੀਆਂ ਕਿਉਂਕਿ ਵੱਡੀ ਗਿਣਤੀ ’ਚ ਚਾਲਕ ਟੀਮ ਦੇ ਮੈਂਬਰਾਂ ਨੇ ਬਿਮਾਰੀ ਦੇ ਨਾਂ ’ਤੇ ਛੁੱਟੀ ਲੈ ਲਈ ਸੀ। ਸੂਤਰਾਂ ਨੇ ਦੱਸਿਆ ਕਿ ਚਾਲਕ ਟੀਮ ਨਾਲ ਸਬੰਧਤ ਮੈਂਬਰ ਬਿਮਾਰੀ ਦੇ ਨਾਂ ’ਤੇ ਛੁੱਟੀ ਲੈ ਕੇ ਏਅਰ ਇੰਡੀਆ ਦੀ ਭਰਤੀ ਮੁਹਿੰਮ ’ਚ ਸ਼ਾਮਲ ਹੋਣ ਚਲੇ ਗਏ ਸਨ। ਇਸ ਮਾਮਲੇ ਬਾਰੇ ਪੁੱਛੇ ਜਾਣ ’ਤੇ ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਕਿਹਾ, ‘ਅਸੀਂ ਇਸ ਨੂੰ ਦੇਖ ਰਹੇ ਹਾਂ।’ ਸਨਅਤ ਨਾਲ ਸਬੰਧਤ ਸੂਤਰਾਂ ਨੇ ਕਿਹਾ ਕਿ ਏਅਰ ਇੰਡੀਆ ਦੀ ਭਰਤੀ ਮੁਹਿੰਮ ਦਾ ਦੂਜਾ ਗੇੜ ਅੱਜ ਸੀ ਅਤੇ ਬਿਮਾਰੀ ਦੇ ਨਾਂ ’ਤੇ ਛੁੱਟੀ ਲੈਣ ਵਾਲੇ ਇੰਡੀਗੋ ਦੇ ਚਾਲਕ ਟੀਮ ਦੇ ਵਧੇਰੇ ਮੈਂਬਰ ਇਸ ਲਈ ਗਏ ਸਨ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਮੌਜੂਦਾ ਸਮੇਂ ਰੋਜ਼ਾਨਾ ਤਕਰੀਬਨ 1600 ਉਡਾਣਾਂ ਚਲਾਉਂਦੀ ਹੈ। ਇੰਡੀਗੋ ਨੇ ਇਸ ਮਾਮਲੇ ’ਚ ਪੀਟੀਆਈ ਨੂੰ ਕੋਈ ਜਵਾਬ ਨਹੀਂ ਦਿੱਤਾ। ਸਿਵਲ ਹਵਾਬਾਜ਼ੀ ਮੰਤਰਾਲੇ ਦੀ ਵੈਬਸਾਈਟ ਅਨੁਸਾਰ ਇੰਡੀਗੋ ਦੀਆਂ 45.2 ਫੀਸਦ ਘਰੇਲੂ ਉਡਾਣਾਂ ਅੱਜ ਸਮੇਂ ਸਿਰ ਚੱਲੀਆਂ। ਇਸ ਦੇ ਮੁਕਾਬਲੇ ਅੱਜ ਏਅਰ ਇੰਡੀਆ ਦੀਆਂ 77.1 ਫੀਸਦ, ਸਪਾਈਸਜੈੱਟ ਦੀਆਂ 80.4, ਵਿਸਤਾਰਾ ਦੀਆਂ 86.3, ਗੋ ਫਸਟ ਦੀਆਂ 88 ਫੀਸਦ ਅਤੇ ਏਅਰ ਏਸ਼ੀਆ ਇੰਡੀਆ ਦੀਆਂ 92.3 ਫੀਸਦ ਉਡਾਣਾਂ ਸਮੇਂ ਸਿਰ ਚੱਲੀਆਂ। -ਪੀਟੀਆਈ