ਲਖਨਊ, 9 ਅਗਸਤ
ਰਾਮ ਮੰਦਰ ਦੀ ਉਸਾਰੀ ਖਿਲਾਫ਼ ਆਜ਼ਾਦੀ ਦਿਹਾੜੇ ’ਤੇ ਪ੍ਰਦਰਸ਼ਨਾਂ ਅਤੇ ਮੁਸਲਮਾਨਾਂ ਲਈ ਵੱਖਰੇ ਰਾਜ ਦੀ ਮੰਗ ਬਾਬਤ ਕਰੀਬ 50 ਪੱਤਰਕਾਰਾਂ ਨੂੰ ਆਡੀਓ ਸੁਨੇਹੇ ਮਿਲੇ ਹਨ। ਇਨ੍ਹਾਂ ਸੁਨੇਹਿਆਂ ’ਚ ਖਾਲਿਸਤਾਨ ਦੀ ਤਰਜ਼ ’ਤੇ ਵੱਖਰੇ ਮੁਲਕ ਦੀ ਮੰਗ ਲਈ ਲੋਕਾਂ ਨੂੰ ਭੜਕਾਇਆ ਗਿਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਧਾਰਾਵਾਂ 505 (1)(ਬੀ), 505 (2), 153ਏ, 153ਬੀ, 124ਏ, 295 (ਏ), 298, ਯੂਏਪੀਏ ਐਕਟ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਡੀਜੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਲਖਨਊ ਦੇ ਪੁਲੀਸ ਕਮਿਸ਼ਨਰ ਸੁਜੀਤ ਪਾਂਡੇ ਨੇ ਕਿਹਾ ਕਿ ਸਾਈਬਰ ਸੈੱਲ ਨੂੰ ਸੁਨੇਹੇ ਭੇਜਣ ਵਾਲਿਆਂ ਦਾ ਪਤਾ ਲਾਉਣ ਦਾ ਕੰਮ ਸੌਂਪਿਆ ਗਿਆ ਹੈ। ਇਹ ਸੁਨੇਹੇ ਮਲੇਸ਼ੀਆ, ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਦੇ ਕੋਡ ਵਾਲੇ ਨੰਬਰਾਂ ਤੋਂ ਭੇਜੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਸੁਨੇਹੇ ਯੂਪੀ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਮਿਲੇ ਹਨ। -ਆਈਏਐਨਐਸ