ਨਵੀਂ ਦਿੱਲੀ, 6 ਜਨਵਰੀ
ਭਾਰਤ ਵਿਚ ਵੀਰਵਾਰ ਨੂੰ ਇਕ ਦਿਨ ਵਿਚ ਓਮੀਕਰੋਨ ਦੇ ਸਭ ਤੋਂ ਵੱਧ 495 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਨ੍ਹਾਂ ਦੀ ਗਿਣਤੀ 2,630 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੁੱਲ ਕੇਸਾਂ ਵਿੱਚੋਂ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 797 ਮਾਮਲੇ ਸਾਹਮਣੇ ਆਏ, ਇਸ ਤੋਂ ਬਾਅਦ ਦਿੱਲੀ ਵਿੱਚ 465, ਰਾਜਸਥਾਨ ਵਿੱਚ 236, ਕੇਰਲ ਵਿੱਚ 234, ਕਰਨਾਟਕ ਵਿੱਚ 226, ਗੁਜਰਾਤ ਵਿੱਚ 204 ਅਤੇ ਤਾਮਿਲਨਾਡੂ ਵਿੱਚ 121 ਕੇਸ ਦਰਜ ਕੀਤੇ ਗਏ। ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਅੱਪਡੇਟ ਅੰਕੜਿਆਂ ਅਨੁਸਾਰ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 90,928 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 3,51,09,286 ਹੋ ਗਈ ਹੈ। ਇਹ ਤਕਰੀਬਨ ਦੋ ਸੌ ਦਿਨਾਂ ਬਾਅਦ ਸਾਹਮਣੇ ਆਏ ਸਭ ਤੋਂ ਵੱਧ ਕੇਸ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 10 ਜੂਨ ਨੂੰ 91,702 ਮਾਮਲੇ ਸਾਹਮਣੇ ਆਏ ਸਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ 325 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,82,876 ਹੋ ਗਈ ਹੈ।