ਨਵੀਂ ਦਿੱਲੀ, 16 ਜੁਲਾਈ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਕਿਹਾ ਹੈ ਕਿ 450 ਤੋਂ ਵੱਧ ਯੂਨੀਵਰਸਿਟੀਆਂ ਨੇ ਜਾਂ ਤਾਂ ਸਾਲਾਨਾ ਪ੍ਰੀਖਿਆਵਾਂ ਕਰਵਾ ਲਈਆਂ ਹਨ ਜਾਂ ਉਹ ਉਨ੍ਹਾਂ ਨੂੰ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਮੇਤ ਕਈ ਸੂਬਿਆਂ ਵੱਲੋਂ ਯੂਨੀਵਰਸਿਟੀ ਪ੍ਰੀਖਿਆਵਾਂ ਕਰਾਉਣ ਤੋਂ ਇਨਕਾਰ ਕੀਤੇ ਜਾਣ ਦੇ ਐਲਾਨ ਮਗਰੋਂ ਯੂਜੀਸੀ ਦਾ ਇਹ ਬਿਆਨ ਆਇਆ ਹੈ। ਕਮਿਸ਼ਨ ਨੇ ਯੂਨੀਵਰਸਿਟੀਆਂ ਤੋਂ ਪ੍ਰੀਖਿਆਵਾਂ ਕਰਾਉਣ ਬਾਰੇ ਸਥਿਤੀ ਰਿਪੋਰਟ ਮੰਗੀ ਸੀ। ਯੂਜੀਸੀ ਨੂੰ 120 ਡੀਮਡ, 229 ਪ੍ਰਾਈਵੇਟ, 40 ਸੈਂਟਰਲ ਅਤੇ 251 ਸਟੇਟ ਯੂਨੀਵਰਸਿਟੀਆਂ ਸਮੇਤ 640 ਯੂਨੀਵਰਸਿਟੀਆਂ ਤੋਂ ਜਵਾਬ ਮਿਲੇ ਸਨ। ਯੂਜੀਸੀ ਨੇ ਬਿਆਨ ’ਚ ਕਿਹਾ,‘‘640 ’ਚੋਂ 454 ਯੂਨੀਵਰਸਿਟੀਆਂ ਨੇ ਜਾਂ ਤਾਂ ਪ੍ਰੀਖਿਆਵਾਂ ਕਰਵਾ ਲਈਆਂ ਹਨ ਜਾਂ ਉਹ ਪ੍ਰੀਖਿਆਵਾਂ ਲੈਣ ਬਾਰੇ ਯੋਜਨਾ ਬਣਾ ਰਹੇ ਹਨ।’’ -ਪੀਟੀਆਈ