ਅਹਿਮਦਾਬਾਦ: ਗੁਜਰਾਤ ਅਤਿਵਾਦ ਰੋਕੂ ਦਸਤੇ ਅਤੇ ਭਾਰਤੀ ਤੱਟ ਰੱਖਿਅਕਾਂ ਵੱਲੋਂ ਸਾਂਝੀ ਕਾਰਵਾਈ ਦੌਰਾਨ ਪੰਜਾਬ ਨੂੰ ਸਪਲਾਈ ਹੋਣ ਵਾਲੀ 400 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਤੱਟ ਕੋਲੋਂ ਭਾਰਤੀ ਜਲ ਖੇਤਰ ਵਿੱਚ 77 ਕਿਲੋਗ੍ਰਾਮ ਹੈਰੋਇਨ ਲਿਜਾ ਰਹੀ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਫੜੀ ਗਈ ਹੈ ਅਤੇ ਇਸ ਵਿੱਚ ਸਵਾਰ ਛੇ ਜਣਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਰੋਇਨ ਦੀ ਇਹ ਖੇਪ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਪਗ 400 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਅਤਿਵਾਦ ਰੋਕੂ ਦਸਤੇ (ਏਟੀਐੱਸ) ਅਤੇ ਭਾਰਤੀ ਤੱਟ ਰੱਖਿਅਕ ਦੀ ਸਾਂਝੀ ਮੁਹਿੰਮ ਦੌਰਾਨ ਐਤਵਾਰ ਰਾਤ ਨੂੰ ਇਹ ਖੇਪ ਜ਼ਬਤ ਕੀਤੀ ਗਈ। ਗੁਜਰਾਤ ਦੇ ਰੱਖਿਆ ਲੋਕ ਸੰਪਰਕ ਅਧਿਕਾਰੀ (ਪੀਆਰਓ) ਨੇ ਟਵੀਟ ਕੀਤਾ ਕਿ ਸੂਬੇ ਦੇ ਏਟੀਐੱਸ ਨਾਲ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਤੱਟ ਰੱਖਿਅਕਾਂ ਨੇ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ‘ਅਲ ਹੁਸੈਨੀ’ ਨੂੰ ਭਾਰਤੀ ਜਲ ਖੇਤਰ ਵਿੱਚ ਫੜਿਆ ਹੈ ਅਤੇ ਉਸ ਵਿੱਚ ਸਵਾਰ ਛੇ ਜਣਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਟਵੀਟ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੇ ‘ਲਗਪਗ 400 ਕਰੋੜ ਰੁਪਏ ਦੀ 77 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ।’’ ਬਾਅਦ ਵਿੱਚ ਕਿਸ਼ਤੀ ਨੂੰ ਜਾਂਚ ਲਈ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਜਖੂ ਤੱਟ ’ਤੇ ਲਿਆਂਦਾ ਗਿਆ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਹੈਰੋਇਨ ਦੋ ਪਾਕਿ ਤਸਕਰਾਂ ਹਾਜੀ ਹਸਨ ਅਤੇ ਹਾਜੀ ਹਸਮ ਨੇ ਭੇਜੀ ਸੀ ਤੇ ਇਸ ਨੂੰ ਅੱਗੇ ਪੰਜਾਬ ਵਿੱਚ ਅੰਡਰਵਰਲਡ ਨਾਲ ਜੁੜੇ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਸੀ। -ਪੀਟੀਆਈ