ਸ੍ਰੀਨਗਰ, 8 ਜੁਲਾਈ
ਦੱਖਣੀ ਕਸ਼ਮੀਰ ਦੀਆਂ ਹਿਮਾਲਿਆਂ ਪਹਾੜੀਆਂ ਵਿੱਚ ਅਮਰਨਾਥ ਗੁਫਾ ਨੇੜੇ ਅੱਜ ਸ਼ਾਮ ਬੱਦਲ ਫਟਣ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30-35 ਜਣੇ ਹੋਰ ਲਾਪਤਾ ਹਨ। ਬੱਦਲ ਫਟਣ ਮਗਰੋਂ ਪਾਣੀ ਦੀ ਮਾਰ ਨਾਲ ਅਮਰਨਾਥ ਗੁਫ਼ਾ ਦੇ ਬਾਹਰ ਯਾਤਰੀਆਂ ਲਈ 25 ਟੈਂਟ ਅਤੇ ਤਿੰਨ ਆਰਜ਼ੀ ਲੰਗਰ ਘਰ ਵੀ ਨੁਕਸਾਨੇ ਗਏ ਹਨ। ਪਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਦੌਰਾਨ ਬੱਦਲ ਫਟਣ ਦੀ ਘਟਨਾ ਸ਼ਾਮ ਲਗਪਗ 5.30 ਵਾਪਰੀ। ਫੌਜ ਤੇ ਆਈਟੀਬੀਪੀ ਜਵਾਨਾਂ ਵੱਲੋਂ ਬਚਾਅ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 5 ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਸਬੰਧੀ ਟਵੀਟ ਕਰਦਿਆਂ ਸ਼ਰਧਾਲੂਆਂ ਦੇ ਸਹੀ ਸਲਾਮਤ ਹੋਣ ਦੀ ਕਾਮਨਾ ਕੀਤੀ ਅਤੇ ਦਾਅਵਾ ਕੀਤਾ ਕਿ ਐੱਨਡੀਆਰਐੱਫ, ਸੀਆਰਪੀਐੱਫ ਅਤੇ ਬੀਐੱਸਐੱਫ ਰਾਹਤ ਕਾਰਜ ਚਲਾਏ ਜਾ ਰਹੇ ਹਨ।