ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 18 ਅਗਸਤ
ਤਾਮਿਲ ਨਾਡੂ ਦੇ ਵਿੱਤ ਮੰਤਰੀ ਪਲਾਨੀਵੇਲ ਤਿਆਗਰਾਜਨ ਨੇ ‘ਮੁਫ਼ਤ ਸਹੂਲਤਾਂ’ ਬਾਰੇ ਕੇੇਂਦਰ ਸਰਕਾਰ ਦੇ ਰੁਖ਼ ਲਈ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਸੂਬਾ ਸਰਕਾਰਾਂ ਨੂੰ ‘ਕਿਸ ਆਧਾਰ ਉੱਤੇ’ ਆਪਣੀ ਪਾਲਿਸੀ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਤਿਆਗਰਾਜਨ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਤੁਸੀਂ ਜੋ ਕੁਝ ਕਹਿ ਰਹੇ ਹੋ, ਉਸ ਲਈ ਤੁਹਾਡੇ ਕੋਲ ਕੋਈ ਸੰਵਿਧਾਨਕ ਆਧਾਰ ਹੋਣਾ ਚਾਹੀਦਾ ਹੈ। ਅਤੇ ਜੇਕਰ ਅਜਿਹਾ ਹੈ ਤਾਂ ਅਸੀਂ ਸਾਰੇ ਸੁਣਾਂਗੇ। ਜਾਂ ਫਿਰ ਤੁਹਾਡੇ ਕੋਲ ਵਿਸ਼ੇਸ਼ ਮੁਹਾਰਤ ਹੋਵੇ, ਤੁਹਾਡੇ ਕੋਲ ਅਰਥਚਾਰੇ ਦੀ ਡਬਲ ਪੀਐੱਚ.ਡੀ ਹੋਵੇ ਜਾਂ ਫਿਰ ਨੋਬੇਲ ਪੁਰਸਕਾਰ ਹੋਵੇ ਜਾਂ ਫਿਰ ਕੋਈ ਅਜਿਹੀ ਚੀਜ਼ ਜੋ ਸਾਨੂੰ ਇਹ ਦੱਸ ਸਕੇ ਕਿ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਹੈ। ਜਾਂ ਫਿਰ ਤੁਹਾਡੀ ਕਾਰਗੁਜ਼ਾਰੀ ਦਾ ਟਰੈਕ ਰਿਕਾਰਡ ਹੋਵੇ, ਕਿ ਤੁਸੀਂ ਅਰਥਚਾਰੇ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਾਇਆ ਹੈ ਜਾਂ ਫਿਰ ਤੁਸੀਂ ਸਿਰ ਚੜ੍ਹਿਆ ਕਰਜ਼ਾ ਘਟਾਇਆ ਹੈ, ਪ੍ਰਤੀ ਵਿਅਕਤੀ ਆਮਦਨ ਵਧਾਈ ਹੈ ਜਾਂ ਨੌਕਰੀਆਂ ਪੈਦਾ ਕੀਤੀਆਂ ਹਨ।’’ ਵਿੱਤ ਮੰਤਰੀ ਨੇ ਕਿਹਾ, ‘‘ਜਦੋਂ ਇਨ੍ਹਾਂ ਵਿਚੋਂ ਕੋਈ ਵੀ ਗੱਲ ਸੱਚ ਨਹੀਂ ਤਾਂ ਫਿਰ ਅਸੀਂ ਕਿਸੇ ਦੂਜੇ ਦੇ ਵਿਚਾਰਾਂ ਨੂੰ ਕਿਉਂ ਸੁਣੀਏ? ਮੈਂ ਤੁਹਾਡੇ ਲਈ ਪਾਲਿਸੀ ਕਿਉਂ ਬਦਲਾਂ, ਕੀ ਇਹ ਕੋਈ ਸੰਵਿਧਾਨਕ ਹੁਕਮ ਹੈ ਜੋ ਸਵਰਗਾਂ ਤੋਂ ਆਇਆ ਹੈ?’’