ਨਵੀਂ ਦਿੱਲੀ: ਵਾਈਸ ਚੀਫ਼ ਏਅਰ ਮਾਰਸ਼ਲ ਸੰਦੀਪ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਦਾ ਭਾਰਤੀ ਹਵਾਈ ਸੈਨਾ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੇ ਦੋਵੇਂ ਮੁਲਕਾਂ ਨਾਲ ਸਬੰਧ ਹਮੇਸ਼ਾ ਮਜ਼ਬੂਤ ਰਹਿਣਗੇ। ਉਂਜ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੂੰ ਰੂਸ ਤੋਂ ਰੱਖਿਆ ਸਾਜ਼ੋ-ਸਾਮਾਨ ਦੇ ਕਲਪੁਰਜ਼ੇ ਲੈਣ ’ਚ ਇਕ ਜਾਂ ਦੋ ਮਹੀਨਿਆਂ ਦੀ ਮੁਸ਼ਕਲ ਆ ਸਕਦੀ ਹੈ। ਭਾਰਤੀ ਰੱਖਿਆ ਸਾਜ਼ੋ ਸਾਮਾਨ ’ਚ ਕਰੀਬ 70 ਫ਼ੀਸਦੀ ਰੂਸੀ ਮੂਲ ਦੇ ਹਨ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਾਈਸ ਚੀਫ਼ ਏਅਰ ਮਾਰਸ਼ਲ ਨੇ ਕਿਹਾ,‘‘ਅਸੀਂ ਜਾਣਦੇ ਹਾਂ ਕਿ ਮੌਜੂਦਾ ਹਾਲਾਤ ਮੁਸ਼ਕਲ ਹਨ ਪਰ ਸਾਡੇ ਰੂਸ ਨਾਲ ਸਬੰਧ ਜਾਰੀ ਰਹਿਣਗੇ। ਸਾਡੇ ਦੋਵੇਂ ਮੁਲਕਾਂ (ਰੂਸ ਅਤੇ ਅਮਰੀਕਾ) ਨਾਲ ਸਬੰਧ ਮਜ਼ਬੂਤ ਰਹੇ ਹਨ। ਅਸੀਂ ਹਾਲਾਤ ਦਾ ਮੁਲਾਂਕਣ ਕਰ ਰਹੇ ਹਾਂ।’’ -ਪੀਟੀਆਈ