ਨਵੀਂ ਦਿੱਲੀ, 26 ਦਸੰਬਰ
ਕੋਵਿਡ-19 ਵਿਰੋਧੀ ਟੀਕੇ ਦੀ ਦੂਜੀ ਤੇ ਤੀਜੀ ਖੁਰਾਕ ਜਿਸ ਨੂੰ ‘ਇਹਤਿਆਤੀ ਖੁਰਾਕ’ ਕਿਹਾ ਜਾ ਰਿਹਾ ਹੈ, ਵਿਚਾਲੇ ਫ਼ਰਕ ਸੰਭਾਵੀ ਤੌਰ ’ਤੇ 9 ਤੋਂ 12 ਮਹੀਨਿਆਂ ਦਾ ਹੋ ਸਕਦਾ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਟੀਕਾਕਰਨ ਪ੍ਰੋਗਰਾਮ ਵਿਚ ਮੌਜੂਦਾ ਸਮੇਂ ਇਸਤੇਮਾਲ ਕੀਤੇ ਜਾ ਰਹੇ ਟੀਕਿਆਂ-ਕੋਵੀਸ਼ੀਲਡ ਅਤੇ ਕੋਵੈਕਸੀਨ ਲਈ ਫ਼ਰਕ ਦੀਆਂ ਬਾਰੀਕੀਆਂ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਆਖ਼ਰੀ ਫ਼ੈਸਲਾ ਜਲਦੀ ਲਿਆ ਜਾਵੇਗਾ। ਇਕ ਸੂਤਰ ਨੇ ਕਿਹਾ, ‘‘ਟੀਕਾਕਰਨ ਵਿਭਾਗ ਅਤੇ ਟੀਕਾਕਰਨ ’ਤੇ ਕੌਮੀ ਤਕਨੀਕੀ ਸਲਾਹਕਾਰ ਸਮੂਹ ਵੱਲੋਂ ਇਨ੍ਹਾਂ ਵਿਸ਼ਿਆਂ ’ਤੇ ਚਰਚਾ ਕੀਤੇ ਜਾਣ ਨਾਲ ਕੋਵਿਡ ਵਿਰੋਧੀ ਟੀਕੇ ਦੀ ਦੂਜੀ ਅਤੇ ਇਹਤਿਆਤੀ ਖੁਰਾਕ ਵਿਚਾਲੇ ਨੌਂ ਤੋਂ 12 ਮਹੀਨਿਆਂ ਦਾ ਫ਼ਰਕ ਹੋਣ ਦੀ ਸੰਭਾਵਨਾ ਹੈ।’’ -ਪੀਟੀਆਈ