ਨਵੀਂ ਦਿੱਲੀ, 30 ਅਕਤੂਬਰ
ਨਿਊਜ਼ ਪੋਰਟਲ ‘ਦਿ ਵਾਇਰ’ ਨੇ ਆਪਣੇ ਸਾਬਕਾ ਸਲਾਹਕਾਰ ਦੇਵੇਸ਼ ਕੁਮਾਰ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਇਹ ਮਾਮਲਾ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨਾਲ ਸਬੰਧਤ ਇਕ ਖ਼ਬਰ ਨਾਲ ਜੁੜਿਆ ਹੋਇਆ ਹੈ। ਇਸ ‘ਸਟੋਰੀ’ ਨੂੰ ਹੁਣ ਪੋਰਟਲ ਵੱਲੋਂ ਹਟਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਦਿੱਲੀ ਪੁਲੀਸ ਨੇ ਮਾਲਵੀਆ ਦੀ ਇਕ ਸ਼ਿਕਾਇਤ ’ਤੇ ਪੋਰਟਲ ਅਤੇ ਉਸ ਦੇ ਸੰਪਾਦਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਮਾਲਵੀਆ ਨੇ ਧੋਖਾਧੜੀ ਤੇ ਜਾਅਲਸਾਜ਼ੀ ਕਰਨ ਅਤੇ ਉਨ੍ਹਾਂ ਦੀ ਸਾਖ਼ ਖ਼ਰਾਬ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਪੋਰਟਲ ਨੇ ਆਪਣੀ ਸ਼ਿਕਾਇਤ ਸ਼ਨਿਚਰਵਾਰ ਰਾਤ ਨੂੰ ਈ-ਮੇਲ ਰਾਹੀਂ ਭੇਜੀ ਹੈ ਤੇ ਹਾਲੇ ਤੱਕ ਐਫਆਈਆਰ ਦਰਜ ਨਹੀਂ ਹੋਈ ਹੈ। ਸ਼ਿਕਾਇਤ ਵਿਚ ‘ਦਿ ਵਾਇਰ’ ਨੇ ਦੋਸ਼ ਲਾਇਆ ਹੈ ਕਿ ਕੁਮਾਰ ਨੇ ਮਨਘੜਤ ਦਸਤਾਵੇਜ਼ ਮੁਹੱਈਆ ਕਰਵਾਏ ਹਨ, ਈਮੇਲ ਤੇ ਹੋਰ ਅਜਿਹੀ ਸਮੱਗਰੀ ਭੇਜੀ ਹੈ ਜਿਸ ਨਾਲ ਪੋਰਟਲ ਦੀ ਸਾਖ ਖਰਾਬ ਹੋ ਸਕੇ। ਪੋਰਟਲ ਨੇ ਦੋਸ਼ ਲਾਇਆ ਹੈ ਕਿ ਦੇਵੇਸ਼ ਨੇ ਅਜਿਹਾ ਜਾਂ ਤਾਂ ਖ਼ੁਦ ਜਾਂ ਫਿਰ ਕਿਸੇ ਦੀ ਸ਼ਹਿ ਉਤੇ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਦਸਤਾਵੇਜ਼ ਜਾਂ ਈਮੇਲ ਇੰਸਟਾਗ੍ਰਾਮ ਤੇ ‘ਮੈਟਾ’ ਨਾਲ ਜੁੜੇ ਹੋਏ ਹਨ। -ਪੀਟੀਆਈ