ਨਵੀਂ ਦਿੱਲੀ, 2 ਦਸੰਬਰ
ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਾਥਰਸ ਜਾ ਰਹੇ ਕੇਰਲਾ ਆਧਾਰਿਤ ਪੱਤਰਕਾਰ ਸਿੱਦੀਕੀ ਕੱਪਨ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਹੁਣ ਤੱਕ ਕੀਤੀ ਜਾਂਚ ਵਿੱਚ ‘ਹੈਰਾਨੀਜਨਕ ਖੁ਼ਲਾਸੇ’ ਹੋਏ ਹਨ। ਸੂਬਾ ਸਰਕਾਰ ਨੇ ਚੀਫ ਜਸਟਿਸ ਐੱਸ.ਏ.ਬੋਬੜੇ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਕੱਪਨ ਨੇ ਦਾਅਵਾ ਕੀਤਾ ਸੀ ਕਿ ਉਹ ਕੇਰਲਾ ਅਧਾਰਿਤ ਰੋਜ਼ਨਾਮਚੇ ’ਚ ਪੱਤਰਕਾਰ ਵਜੋਂ ਕੰਮ ਕਰ ਰਿਹਾ ਹੈ ਜਦੋਂਕਿ ਅਖ਼ਬਾਰ ਨੂੰ ਬੰਦ ਹੋਇਆਂ ਦੋ ਸਾਲ ਹੋ ਚੁੱਕੇ ਹਨ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਏ.ਐੱਸ. ਬੋਪੰਨਾ ਤੇ ਵੀ.ਰਾਮਾਸੁਬਰਾਮਨੀਅਨ ਦੀ ਸ਼ਮੂਲੀਅਤ ਵਾਲੇ ਬੈਂਚ ਨੂੰ ਦੱਸਿਆ ਕਿ ‘ਹੁਣ ਤੱਕ ਕੀਤੀ ਜਾਂਚ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ।’ ਸਿਖਰਲੀ ਅਦਾਲਤ ਨੇ ਪਟੀਸ਼ਨਰ ਨੂੰ ਪੁੱਛਿਆ ਕਿ ਕੀ ਉਹ ਹਾਈ ਕੋਰਟ ਜਾਣਾ ਚਾਹੁਣਗੇ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਹ ਸਿਖਰਲੀ ਅਦਾਲਤ ਵਿੱਚ ਜ਼ਿਰ੍ਹਾ ਕਰਨਗੇ ਜਦੋਂਕਿ ਪਟੀਸ਼ਨਰ ਕੱਪਨ ਦੀ ਪਤਨੀ ਤੇ ਹੋਰਨਾਂ ਵੱਲੋਂ ਪੈਰਵੀ ਕਰਨਗੇ। -ਪੀਟੀਆਈ